ਦਿੱਲੀ ‘ਚ ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋ ਸਾਥੀਆਂ ਸਮੇਤ ਗਿਰਫ਼ਤਾਰ, ਖੇਤੀ ਬਿੱਲਾਂ ਵਿਰੁੱਧ ਕਰ ਰਹੇ ਸੀ ਪ੍ਰਦਰਸ਼ਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਖੇਤੀ ਨਾਲ ਜੁੜੇ ਤਿੰਨ ਬਿੱਲ ਸੰਸਦ ਦੇ ਦੋਵੇਂ ਸਦਨਾਂ ਵਿਚ ਭਾਰੀ ਹੰਗਾਮੇ ਵਿਚਾਲੇ ਪਾਸ ਹੋ ਗਏ ਹਨ ਪਰ ਇਨ੍ਹਾਂ ਬਿੱਲਾਂ ਦਾ ਵਿਰੋਧ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਖੇਤੀ ਨਾਲ ਜੁੜੇ ਤਿੰਨ ਬਿੱਲ ਸੰਸਦ ਦੇ ਦੋਵੇਂ ਸਦਨਾਂ ਵਿਚ ਭਾਰੀ ਹੰਗਾਮੇ ਵਿਚਾਲੇ ਪਾਸ ਹੋ ਗਏ ਹਨ ਪਰ ਇਨ੍ਹਾਂ ਬਿੱਲਾਂ ਦਾ ਵਿਰੋਧ ਸੰਸਦ ਤੋਂ ਲੈ ਕੇ ਸੜਕ ਤੱਕ ਜਾਰੀ ਹੈ। ਕਿਸਾਨਾਂ ਦੇ ਨਾਲ-ਨਾਲ ਵਿਰੋਧੀ ਪਾਰਟੀਆਂ ਬਿੱਲਾਂ ਦੇ ਖਿਲਾਫ ਡੱਟੀਆਂ ਹੋਈਆਂ ਹਨ। ਉੱਥੇ ਹੀ ਅੱਜ ਮੰਗਲਵਾਰ ਨੂੰ ਦਿੱਲੀ ਵਿਚ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋ ਦੁਆਰਾ ਆਪਣੇ ਸਾਥੀਆਂ ਨਾਲ ਇਨ੍ਹਾਂ ਬਿੱਲਾਂ ਖਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਜਿਨ੍ਹਾਂ ਨੂੰ ਦਿੱਲੀ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਹੈ।

ਦਰਅਸਲ ਦਿੱਲੀ ਵਿਚ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋ ਆਪਣੇ ਸਾਥੀਆਂ ਗੁਰਜੋਤ ਢੀਂਡਸਾ, ਰੂਬੀ ਗਿੱਲ, ਚੁਸਪਿੰਦਰ ਚਹਿਲ, ਅੰਗਦ ਦੱਤਾ, ਅਦਿਤਿਆ ਦੰਤੀ, ਦਵਿੰਦਰ ਛਾਜਲੀ ਸਮੇਤ ਖੇਤੀ ਬਿੱਲਾਂ ਵਿਰੁੱਧ ਰੋਸ ਮੁਜ਼ਹਾਰਾ ਕਰ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸੀ ਵਰਕਰਾਂ ਦੁਆਰਾ ਸੰਸਦ ਨੂੰ ਵੀ ਘੇਰਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਦਿੱਲੀ ਪੁਲਿਸ ਦੁਆਰਾ ਇਨ੍ਹਾਂ ਸਾਰਿਆਂ ਨੂੰ ਗਿਰਫਤਾਰ ਕਰਕੇ ਮੰਦਰ ਮਾਰਗ ਪੁਲਿਸ ਸਟੇਸ਼ਨ ਲਿਜਾਇਆ ਗਿਆ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ 20 ਤਰੀਕ ਨੂੰ ਖੇਤੀ ਬਿੱਲਾਂ ਦੇ ਵਿਰੋਧ ਵਿਚ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋ ਅਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਦੁਆਰਾ ਟਰੈਕਟਰਾਂ ਉੱਤੇ ਦਿੱਲੀ ਵੱਲ ਨੂੰ ਕੂਚ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਹਰਿਆਣਾ ਬਾਰਡਰ ਉੱਤੇ ਪਹੁੰਚਣ ‘ਤੇ ਟਰੈਕਟਰ ਰੈਲੀ ਨੂੰ ਹਰਿਆਣਾ ਪੁਲਿਸ ਨੇ ਰੋਕ ਲਿਆ ਸੀ। ਇਸ ਦੌਰਾਨ ਬਰਿੰਦਰ ਢਿੱਲੋ ਅਤੇ ਕਈ ਵਰਕਰ ਪੁਲਿਸ ਨੇ ਹਿਰਾਸਤ ਵਿਚ ਲੈ ਲਏ ਸਨ।

ਜ਼ਿਕਰਯੋਗ ਹੈ ਕਿ ਪੰਜਾਬ ਵਿਚ ਖੇਤੀ ਬਿੱਲਾਂ ਦਾ ਵਿਰੋਧ ਹਰ ਦਿਨ ਤਿੱਖਾ ਹੁੰਦਾ ਜਾ ਰਿਹਾ ਹੈ। ਕਿਸਾਨਾਂ ਵੱਲੋਂ 25 ਸਤੰਬਰ ਨੂੰ ਪੰਜਾਬ ਬੰਦ ਦਾ ਵੀ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਭਾਜਪਾ ਨੂੰ ਛੱਡ ਕੇ ਸੂਬੇ ਦੀਆਂ ਬਾਕੀ ਸਾਰੀਆਂ ਰਾਜਨੀਤਿਕ ਪਾਰਟੀਆਂ ਬਿੱਲਾਂ ਦੇ ਵਿਰੋਧ ਵਿਚ ਨਿੱਤਰ ਗਈਆਂ ਹਨ।

Leave a Reply

Your email address will not be published. Required fields are marked *