10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਹੋਣਗੀਆਂ ਮੁਲਤਵੀ?
ਕੈਪਟਨ ਨੇ ਲਿਖੀ ਕੇਂਦਰ ਨੂੰ ਚਿੱਠੀ
ਚੰਡੀਗੜ੍ਹ (ਨਿਊਜ਼ ਡੈਸਕ)- ਪੰਜਾਬ ’ਚ ਕੋਰੋਨਾ ਦੀ ਨਵੀਂ ਸਟ੍ਰੇਨ ਬੇਕਾਬੂ ਹੁੰਦੀ ਜਾ ਰਹੀ ਹੈ…ਜਿਸ ਨੂੰ ਦੇਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਸਵੀਂ ਤੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ ਕਰਨ ਦੀ ਮੰਗ ਕੀਤੀ ਹੈ… ਮੁੱਖ ਮੰਤਰੀ ਨੇ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰੀਅਲ ਨਿਸ਼ਾਂਕ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ “ਦਸਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਦਾ ਫੈਸਲਾ ਤੁਰੰਤ ਲਿਆ ਜਾਵੇ ”
ਉਨ੍ਹਾਂ ਕਿਹਾ, ਕੋਰੋਨਾ ਦੇ ਨਵੇਂ ਸਟ੍ਰੇਨ ਨਾਲ ਜੂਝਦੇ ਸੂਬਿਆਂ ਨੂੰ ਸਥਿਤੀ ਦੇ ਆਮ ਹੋਣ ਤੋਂ ਬਾਅਦ ਪ੍ਰੀਖਿਆਵਾਂ ਕਰਵਾਉਣ ਲਈ ਵਧੀਆ ਯੋਜਨਾ ਬਣਾਉਣ ਦੀ ਆਗਿਆ ਮਿਲੇਗੀ। ਮੰਤਰਾਲੇ ਦੇ ਦਖਲ ਦੀ ਮੰਗ ਕਰਦਿਆਂ ਕੈਪਟਨ ਨੇ ਕਿਹਾ ਕਿ ਇਹ ਦੱਸਣਾ ਮੁਸ਼ਕਲ ਹੈ ਕਿ ਕੋਵਿਡ ਮਾਮਲਿਆਂ ਵਿੱਚ ਕਦੋਂ ਵਾਧਾ ਹੋਵੇਗਾ ਤੇ ਕਦੋਂ ਕੇਸਾਂ ‘ਚ ਕਮੀ ਦੇਖਣ ਨੂੰ ਮਿਲੇਗਾ।
ਉਥੇ ਹੀ ਮੁੱਖ ਮੰਤਰੀ ਨੇ ਕਿਹਾ ਕਿ ਵੱਖ-ਵੱਖ ਸੂਬਿਆਂ ‘ਚ ਕੋਰੋਨਾ ਦੀ ਦੂਸਰੀ ਲਹਿਰ ਵੱਖਰੇ ਪੜਾਵਾਂ ‘ਤੇ ਪਹੁੰਚ ਗਈ ਹੈ। ਕੁਝ ਸੂਬਿਆਂ ‘ਚ ਕੇਸ ਵੱਧਣ ਦੀ ਸੰਭਾਵਨਾ ਹੈ ਜਦਕਿ ਕੁਝ ‘ਚ ਵਾਧਾ ਸ਼ੁਰੂ ਹੋ ਗਿਆ ਹੈ। ਜਿਸ ਨੂੰ ਦੇਖਦਿਆਂ ਤੁਰੰਤ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਜਾਣ।
ਦੱਸ ਦੇਈਏ ਕਿ ਕਾਂਗਰਸ ਸਮੇਤ ਆਮ ਆਦਮੀ ਪਾਰਟੀ ਤੇ ਕਈ ਹੋਰ ਵਿਰੋਧੀ ਪਾਰਟੀਆਂ ਨੇ ਕੇਂਦਰ ਸਰਕਾਰ ਨੂੰ ਸੀਬੀਐਸਈ ਬੋਰਡ ਦੀਆਂ ਪ੍ਰੀਖਿਆਵਾਂ ਰੱਦ ਕਰਨ ਦੀ ਵੀ ਅਪੀਲ ਕੀਤੀ ਹੈ।