ਫਰੀਦਕੋਟ (ਬਿਊਰੋ)- ਅਕਤੂਬਰ 2015 ਵਿਚ ਬਰਗਾੜੀ ਵਿਖੇ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿਚ ਬੀਤੇ ਦਿਨੀਂ ਗ੍ਰਿਫਤਾਰ ਕੀਤੇ ਗਏ 6 ਡੇਰਾ ਪ੍ਰੇਮੀਆਂ ਵਿਚੋਂ 2 ਦੀ ਕਰੋਨਾ ਵਾਇਰਸ ਰਿਪੋਰਟ ਪਾਜ਼ਿਟਿਵ ਆਈ ਹੈ। ਇਸ ਕਾਰਣ ਪੁਲਿਸ ਵਲੋਂ ਉਹਨਾਂ ਮੁਲਜ਼ਮਾਂ ਨੂੰ ਇਲਾਜ ਲਈ ਫਰੀਦਕੋਟ ਜੀ.ਜੀ.ਐੱਸ. ਮੈਡੀਕਲ ਹਸਪਤਾਲ ਦੇ ਕਰੋਂਨਾ ਵਾਰਡ ਵਿਚ ਦਾਖਲ ਕਰਵਾਇਆ ਗਿਆ ਹੈ। ਉਥੇ ਹੀ ਦੋਹਾਂ ਡੇਰਾ ਪ੍ਰੇਮੀਆਂ ਦੇ ਪਰਿਵਾਰਾਂ ਨੇ ਪੁਲਿਸ ‘ਤੇ ਇਲਜ਼ਾਮ ਲਗਾਏ ਹਨ ਕਿ ਪੁਲਿਸ ਪਰਿਵਾਰ ਨੂੰ ਉਹਨਾਂ ਨਾਲ ਮਿਲਣ ਨਹੀਂ ਦੇ ਰਹੀ।
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿਚ ਪੜਤਾਲ ਕਰਨ ਲਈ ਪੰਜਾਬ ਸਰਕਾਰ ਵਲੋਂ ਡੀ.ਆਈ.ਜੀ. ਐੱਸ.ਪੀ.ਐੱਸ. ਪਰਮਾਰ ਦੀ ਅਗਵਾਈ ਵਿਚ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (SIT)ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਕਰਨ ਅਤੇ ਇਸ ਸਬੰਧੀ ਇਤਰਾਜ਼ਯੋਗ ਪੋਸਟਰ ਲਗਾਉਣ ਦੇ ਦੋਸ਼ਾਂ ਹੇਠ ਡੇਰਾ ਸੱਚਾ ਸੌਦਾ ਦੇ 6 ਪ੍ਰੇਮੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਜਿਨ੍ਹਾਂ ਦੀ ਪਛਾਣ ਨਿਸ਼ਾਨ ਸਿੰਘ ਕੋਟਕਪੁਰਾ, ਬਲਜੀਤ ਸਿੰਘ ਵਾਸੀ ਪਿੰਡ ਸਿੱਖਾਂਵਾਲਾ, ਰਣਜੀਤ ਸਿੰਘ ਕੋਟਕਪੁਰਾ, ਸ਼ਕਤੀ ਸਿੰਘ ਡੱਗੋਰੋਮਾਣਾ, ਸੁਖਜਿੰਦਰ ਸਿੰਘ ਅਤੇ ਪ੍ਰਦੀਪ ਸਿੰਘ ਦੋਵੇਂ ਵਾਸੀ ਕੋਟਕਪੁਰਾ ਨੂੰ ਗ੍ਰਿਫਤਾਰ ਕਰ ਕੇ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਇਨ੍ਹਾਂ ਨੂੰ 21 ਮਈ ਤੱਕ ਪੁਲਿਸ ਹਿਰਾਸਤ ਵਿਚ ਭੇਜਣ ਦਾ ਹੁਕਮ ਸੁਣਾਇਆ ਸੀ। ਪਰ ਹੁਣ ਦੋ ਡੇਰਾ ਪ੍ਰੇਮੀਆਂ ਦੀ ਰਿਪੋਰਟ ਪਾਜ਼ਿਟਿਵ ਆਉਣ ਕਾਰਣ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।