ਲੁਧਿਆਣਾ: ਲੁਧਿਆਣਾ ‘ਚ 7 ਕਰੋੜ ਤੋਂ ਵੱਧ ਦੀ ਲੁੱਟ ਬੀਤੀ ਰਾਤ 2 ਵਜੇ ਰਾਜਗੁਰੂ ਨਗਰ ‘ਚ ਏ.ਟੀ.ਐੱਮ ‘ਚ ਨਕਦੀ ਜਮ੍ਹਾ ਕਰਵਾਉਣ ਵਾਲੀ ਸੀਐੱਮਐੱਸ ਸਕਿਓਰਿਟੀ ਕੰਪਨੀ ਦੇ ਦਫ਼ਤਰ ‘ਚ ਹਥਿਆਰਾਂ ਨਾਲ ਲੈਸ 10 ਬਦਮਾਸ਼ ਦਾਖਲ ਹੋਏ। ਉਨ੍ਹਾਂ ਇੱਥੇ ਤਾਇਨਾਤ 5 ਸੁਰੱਖਿਆ ਗਾਰਡਾਂ ਨੂੰ ਬੰਦੀ ਬਣਾ ਲਿਆ।
ਇਸ ਤੋਂ ਬਾਅਦ ਵਾਲਟ ਦੇ ਬਾਹਰ ਰੱਖੀ 4 ਕਰੋੜ ਦੀ ਨਕਦੀ ਅਤੇ ਦਫਤਰ ਦੇ ਬਾਹਰ ਖੜ੍ਹੀ ਕਾਰ ਲੈ ਗਏ। ਇਸ ਗੱਡੀ ਵਿੱਚ 3 ਕਰੋੜ ਤੋਂ ਵੱਧ ਦੀ ਨਕਦੀ ਸੀ। ਇਸ ਦੇ ਨਾਲ ਹੀ ਸੀਸੀਟੀਵੀ ਦਾ ਡੀਵੀਆਰ ਵੀ ਖੋਹ ਲਿਆ ਗਿਆ।
ਬਦਮਾਸ਼ਾਂ ਦੇ ਚਲੇ ਜਾਣ ਤੋਂ ਬਾਅਦ ਮੁਲਾਜ਼ਮਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੂੰ ਸੂਚਿਤ ਕਰਨ ‘ਤੇ ਲੁਟੇਰੇ ਮੁੱਲਾਂਪੁਰ ਨੇੜੇ ਗੱਡੀ ਛੱਡ ਕੇ ਫ਼ਰਾਰ ਹੋ ਗਏ। ਇਹ ਗੱਡੀ ਪੁਲੀਸ ਨੇ ਬਰਾਮਦ ਕਰ ਲਈ ਹੈ। ਕਾਰ ‘ਚੋਂ 2 ਪਿਸਤੌਲ ਬਰਾਮਦ ਹੋਏ ਹਨ, ਜਦਕਿ ਨਕਦੀ ਗਾਇਬ ਹੈ।
ਜਾਣਕਾਰੀ ਮੁਤਾਬਕ 2 ਬਦਮਾਸ਼ ਪਿਛਲੇ ਗੇਟ ਰਾਹੀਂ ਦਫਤਰ ‘ਚ ਦਾਖਲ ਹੋਏ ਸਨ, ਜਦਕਿ 8 ਬਦਮਾਸ਼ ਸਾਹਮਣੇ ਵਾਲੇ ਗੇਟ ਰਾਹੀਂ ਦਾਖਲ ਹੋਏ ਸਨ। ਉਨ੍ਹਾਂ ਕੋਲ ਪਿਸਤੌਲ ਦੇ ਨਾਲ-ਨਾਲ ਤੇਜ਼ਧਾਰ ਹਥਿਆਰ ਵੀ ਸਨ। ਫਿਲਹਾਲ ਸੀਨੀਅਰ ਪੁਲਿਸ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ ਹਨ। ਪੁਲੀਸ ਪੰਜ ਸੁਰੱਖਿਆ ਗਾਰਡਾਂ ਨੂੰ ਥਾਣੇ ਲੈ ਗਈ ਹੈ। ਇੱਥੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।