ਅੰਮ੍ਰਿਤਸਰ (ਇੰਟ.)- ਕੋਰੋਨਾ ਮਹਾਮਾਰੀ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਕਿ ਇੰਨੇ ਵਿਚ ਇਕ ਹੋਰ ਬੀਮਾਰੀ ਨੇ ਡਾਕਟਰਾਂ ਜਾਂ ਸਿਹਤ ਕਾਮਿਆਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਇਹ ਮੁਸ਼ਕਲ ਹੋਰ ਕੋਈ ਨਹੀਂ ਸਗੋਂ ਬਲੈਕ ਫੰਗਸ ਮਿਊਕਰ ਮਾਇਕੋਸਿਸ ਹੈ, ਜਿਸ ਦੇ ਕੇਸ ਵੀ ਜਿਲ੍ਹੇ ਵਿੱਚ ਰਿਪੋਰਟ ਹੋ ਰਹੇ ਹਨ। ਕੁਲ 9 ਲੋਕ ਇਸ ਰੋਗ ਦੀ ਲਪੇਟ ਵਿੱਚ ਆ ਚੁੱਕੇ ਹਨ। ਇਨ੍ਹਾਂ ‘ਚ ਪੰਜ ਔਰਤਾਂ ਵੀ ਸ਼ਾਮਿਲ ਹਨ।
ਇਹ ਸਾਰੇ ਮਰੀਜ਼ ਕੋਰੋਨਾ ਇਨਫੈਕਸ਼ਨ ਤੋਂ ਬਾਅਦ ਬਲੈਕ ਫੰਗਸ ਦੇ ਸ਼ਿਕਾਰ ਹੋ ਰਹੇ ਹਨ। ਈ.ਐੱਮ.ਸੀ. ਹਸਪਤਾਲ ਵਿੱਚ ਇੱਕ,ਹਰਤੇਜ ਹਸਪਤਾਲ ਵਿੱਚ ਦੋ, ਨਈਅਰ ਹਸਪਤਾਲ ਵਿੱਚ ਦੋ, ਫਲੋਰਮ ਹਸਪਤਾਲ ਵਿੱਚ ਇੱਕ, ਪਲਸ ਹਸਪਤਾਲ ਵਿੱਚ ਇੱਕ, ਅਰੋੜਾ ਹਸਪਤਾਲ ਵਿੱਚ ਇੱਕ ਅਤੇ ਸ਼ੂਰ ਹਸਪਤਾਲ ਵਿੱਚ ਇੱਕ ਮਰੀਜ ਇਲਾਜ ਅਧੀਨ ਹੈ। ਮਰੀਜ਼ਾਂ ਵਿੱਚ 34 ਸਾਲ ਦਾ ਇੱਕ ਵਿਅਕਤੀ ਵੀ ਸ਼ਾਮਿਲ ਹੈ, ਜਦੋਂਕਿ 43 ਸਾਲ ਦੇ ਦੋ ਹਨ। ਇਸ ਤੋਂ ਇਲਾਵਾ ਬਾਕੀ ਸਾਰੇ 50 ਤੋਂ 70 ਉਮਰ ਦੇ ਹਨ ਅਤੇ ਸਾਰੇ ਸ਼ੂਗਰ ਨਾਲ ਵੀ ਪੀੜਤ ਹਨ।
ਇਹ ਵੀ ਪੜ੍ਹੋ- ਦੇਸ਼ ਦੇ ਬਾਕੀ ਸੂਬਿਆਂ ਤੋਂ ਬਾਅਦ ਹੁਣ ਪੰਜਾਬ ‘ਚ ‘ਤਾਊਤੇ ਤੂਫਾਨ’ ਕਿੰਨਾ ਕੁ ਹੋਵੇਗਾ ਖ਼ਤਰਨਾਕ ਸਾਬਿਤ
ਸਾਰੇ ਮਰੀਜ਼ਾਂ ਦੀ ਅੱਖ ਅਤੇ ਨੱਕ ਦੇ ਵਿਚਕਾਰਕੇ ਹਿੱਸੇ ਵਿੱਚ ਸਥਿਤ ਹੱਡੀ, ਜਿਸ ਨੂੰ ਆਰਬਿਟ ਕਿਹਾ ਜਾਂਦਾ ਹੈ, ਉਸ ਵਿੱਚ ਫੰਗਸ ਹੈ। ਇਸ ਤੋਂ ਇਲਾਵਾ ਸਾਇਨਸ ਵੀ ਸਥਾਪਤ ਹੋ ਚੁੱਕਿਆ ਹੈ। ਫਿਲਹਾਲ ਇਨ੍ਹਾਂ ਦਾ ਇਲਾਜ ਜਾਰੀ ਹੈ। ਤਿੰਨ ਮਰੀਜ਼ਾਂ ਦੀ ਦੇਖਣ ਦੀ ਸ਼ਕਤੀ ਜਾ ਚੁੱਕੀ ਹੈ। ਇਕ ਵੈੱਬਸਾਈਟ ਦੀ ਖਬਰ ਮੁਤਾਬਕ ਇਸ ਤੋਂ ਪਹਿਲਾਂ ਲੰਘੇ ਮੰਗਲਵਾਰ ਨੂੰ ਨਿਜੀ ਈ.ਐੱਨ.ਟੀ. ਸਰਜਨ ਡਾ. ਕਰੁਣੇਸ਼ ਗੁਪਤਾ ਨੇ ਇਕ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਹਸਪਤਾਲ ਵਿੱਚ ਬਲੈਕ ਫੰਗਸ ਨਾਲ ਪੀੜਤ ਇਕ ਮਰੀਜ਼ ਰਿਪੋਰਟ ਹੋਇਆ ਹੈ, ਜਦੋਂ ਕਿ ਪੰਜ ਸ਼ੱਕੀ ਵੀ ਹਨ। ਹਾਲਾਂਕਿ ਉਨ੍ਹਾਂ ਦੇ ਇਸ ਦਾਅਵੇ ਨੂੰ ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਸਿਰੇ ਤੋਂ ਖਾਰਜ ਕਰ ਦਿੱਤਾ। ਡਾ. ਚਰਨਜੀਤ ਅਨੁਸਾਰ ਇਸ ਸਬੰਧੀ ਵਿਭਾਗ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਗ੍ਰਿਫਤਾਰ 6 ਡੇਰਾ ਪ੍ਰੇਮੀਆਂ ਵਿਚੋਂ 2 ਨੂੰ ਕਰਵਾਉਣਾ ਪਿਆ ਹਸਪਤਾਲ ਦਾਖਲ
ਬਲੈਕ ਫੰਗਸ ਨਵੀਂ ਬੀਮਾਰੀ ਨਹੀਂ ਹੈ, ਕੋਰੋਨਾ ਕਾਲ ਵਿੱਚ ਇਹ ਇਸ ਲਈ ਡਰਾ ਰਹੀ ਹੈ ਕਿਉਂਕਿ ਦੇਸ਼ ਭਰ ਵਿੱਚ ਬਲੈਕ ਫੰਗਸ ਦੇ ਕੇਸ ਰਿਪੋਰਟ ਹੋਣ ਲੱਗੇ ਹਨ। ਇਸ ਨਾਲ ਅੱਖਾਂ ਤੋਂ ਇਲਾਵਾ ਸਰੀਰ ਦੇ ਅੰਦਰੂਨੀ ਅੰਗਾਂ ‘ਤੇ ਉਲਟ ਅਸਰ ਪੈਂਦਾ ਹੈ। ਤੁਹਾਨੂੰ ਦੱਸ ਦਈਏ ਕਿ ਕੋਰੋਨਾ ਕਾਲ ਤੋਂ ਪਹਿਲਾਂ ਵੀ ਅੰਮ੍ਰਿਤਸਰ ਵਿੱਚ ਮਿਊਕਰ ਮਾਇਓਕ੍ਰੋਸਿਸ ਦੇ 8 ਕੇਸ ਰਿਪੋਰਟ ਹੋਏ ਸਨ। ਇਨ੍ਹਾਂ ਦਾ ਇਲਾਜ ਸ਼ਹਿਰ ਦੇ ਪ੍ਰਸਿੱਧ ਈ.ਐੱਨ.ਟੀ. ਸਰਜਨ ਡਾ . ਪ੍ਰਹਿਲਾਦ ਦੁੱਗਲ ਨੇ ਕੀਤਾ ਸੀ।ਹਾਲਾਂਕਿ ਕੋਰੋਨਾ ਕਾਲ ਵਿੱਚ 9 ਨਵੇਂ ਮਰੀਜ਼ ਮਿਲਣ ਨਾਲ ਸਿਹਤ ਵਿਭਾਗ ਦੀ ਚਿੰਤਾ ਵੀ ਵੱਧ ਗਈ ਹੈ।
ਇਸ ਰੋਗ ਦਾ ਸ਼ਿਕਾਰ ਆਮਤੌਰ ‘ਤੇ ਉਹ ਕੋਰੋਨਾ ਮਰੀਜ਼ ਹੋ ਰਹੇ ਹਨ, ਜਿਨ੍ਹਾਂ ਨੂੰ ਕੋਰੋਨਾ ਦੇ ਇਲਾਜ ਦੌਰਾਨ ਸਟੀਰਾਇਡ ਦਿੱਤੇ ਗਏ ਹਨ। ਹਾਲਾਂਕਿ ਸ਼ੂਗਰ ਲੈਵਲ ਜ਼ਿਆਦਾ ਹੋਣ, ਰੋਗ ਸਮਰੱਥਾ ਘੱਟਣ ਨਾਲ ਵੀ ਇਹ ਰੋਗ ਲਪੇਟ ਵਿਚ ਲੈ ਲੈਂਦਾ ਹੈ। ਮਰੀਜ਼ਾਂ ਦੀਆਂ ਅੱਖਾਂ ਵਿੱਚ ਸੋਜਿਸ਼, ਘੱਟ ਨਜ਼ਰ ਆਉਣਾ ਵਰਗੇ ਲੱਛਣ ਉਭਰਣ ਲੱਗਦੇ ਹਨ।