China earthquake News: ਚੀਨ ਦੇ ਗਾਂਸੂ ਸੂਬੇ ‘ਚ ਸੋਮਵਾਰ ਦੇਰ ਰਾਤ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 6.2 ਮਾਪੀ ਗਈ ਹੈ। ਚਾਈਨਾ ਅਰਥਕੁਏਕ ਨੈੱਟਵਰਕ ਸੈਂਟਰ (ਸੀ.ਈ.ਐੱਨ.ਸੀ.) ਦੇ ਮੁਤਾਬਕ, ਸੋਮਵਾਰ ਰਾਤ 23:59 ‘ਤੇ ਉੱਤਰ ਪੱਛਮੀ ਚੀਨ ਦੇ ਗਾਂਸੂ ਸੂਬੇ ‘ਚ ਜ਼ਬਰਦਸਤ ਭੂਚਾਲ ਆਇਆ। ਇਸ ਤੋਂ ਪਹਿਲਾਂ ਪਾਕਿਸਤਾਨ ਵਿੱਚ ਵੀ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ।
ਗਾਂਸੂ ਦੇ ਸੂਬਾਈ ਐਮਰਜੈਂਸੀ ਪ੍ਰਬੰਧਨ ਵਿਭਾਗ ਨੇ ਦੱਸਿਆ ਕਿ ਭੂਚਾਲ ਦੀ ਤੀਬਰਤਾ ਇੰਨੀ ਜ਼ਬਰਦਸਤ ਸੀ ਕਿ ਕਈ ਇਮਾਰਤਾਂ ਢਹਿ ਗਈਆਂ। ਚੀਨ ਦੇ ਸਰਕਾਰੀ ਮੀਡੀਆ ਦੀ ਰਿਪੋਰਟ ਮੁਤਾਬਕ ਗਾਂਸੂ ਅਤੇ ਕਿੰਗਹਾਈ ਪ੍ਰਾਂਤਾਂ ‘ਚ 6.2 ਤੀਬਰਤਾ ਵਾਲੇ ਭੂਚਾਲ ‘ਚ ਘੱਟੋ-ਘੱਟ 111 ਲੋਕਾਂ ਦੀ ਮੌਤ ਹੋ ਗਈ ਹੈ। 230 ਤੋਂ ਵੱਧ ਜ਼ਖ਼ਮੀ ਹੋ ਗਏ। ਬਚਾਅ ਕਾਰਜ ਜਾਰੀ ਹੈ। ਜਾਣਕਾਰੀ ਮੁਤਾਬਕ ਭੂਚਾਲ ਕਾਰਨ ਸਭ ਤੋਂ ਜ਼ਿਆਦਾ ਨੁਕਸਾਨ ਕਾਊਂਟੀ, ਦਿਓਜੀ ਅਤੇ ਕਿੰਗਹਾਈ ਸੂਬੇ ‘ਚ ਹੋਇਆ ਹੈ। ਇੱਥੇ ਕਈ ਇਮਾਰਤਾਂ ਦੇ ਢਹਿ ਜਾਣ ਕਾਰਨ ਲੋਕ ਮਲਬੇ ਹੇਠਾਂ ਦੱਬ ਗਏ, ਜਿਨ੍ਹਾਂ ਨੂੰ ਬਚਾਉਣ ਵਿੱਚ ਬਚਾਅ ਟੀਮਾਂ ਜੁਟੀਆਂ ਹੋਈਆਂ ਹਨ। ਮ੍ਰਿਤਕਾਂ ਅਤੇ ਜ਼ਖਮੀਆਂ ਦੀ ਗਿਣਤੀ ਵਧ ਸਕਦੀ ਹੈ।