ਬਰਨਾਲਾ (ਇੰਟ.)- ਪਰਿਵਾਰ ਦੀ ਬਿਹਤਰ ਜ਼ਿੰਦਗੀ ਲਈ ਕਈ ਨੌਜਵਾਨ ਵਿਦੇਸ਼ ਵਿਚ ਹੱਡ ਤੋੜ ਮਿਹਨਤ ਕਰਨ ਲਈ ਚਲੇ ਜਾਂਦੇ ਹਨ ਅਤੇ ਉਥੇ ਜਾ ਕੇ ਆਪਣੇ ਮਾਂ-ਪਿਓ ਦਾ ਸਪਨਾ ਪੂਰਾ ਕਰਨ ਲਈ ਜੀ ਜਾਨ ਲਗਾ ਦਿੰਦੇ ਹਨ। ਪਰ ਉਨ੍ਹਾਂ ਨੌਜਵਾਨਾਂ ਨਾਲ ਜਦੋਂ ਉਥੋਂ ਕੋਈ ਅਨਹੋਣੀ ਹੋ ਜਾਂਦੀ ਹੈ ਤਾਂ ਪਰਿਵਾਰ ਨੂੰ ਅਜਿਹਾ ਧੱਕਾ ਲੱਗਦਾ ਹੈ ਜੋ ਕਿ ਕਦੇ ਨਾ ਸਹਿਣਯੋਗ ਹੁੰਦਾ ਹੈ। ਇਸੇ ਤਰ੍ਹਾਂ ਦਾ ਇਕ ਮਾਮਲਾ ਪੰਜਾਬ ਦੇ ਬਰਨਾਲਾ ਤੋਂ ਸਾਹਮਣੇ ਆਇਆ ਹੈ, ਜਿੱਥੋਂ ਇਕ ਪਰਿਵਾਰ ਵਲੋਂ ਆਪਣੇ ਲੜਕੇ ਨੂੰ ਵਿਦੇਸ਼ ਭੇਜਿਆ ਗਿਆ ਸੀ ਤਾਂ ਜੋ ਉਹ ਆਪਣਾ ਭਵਿੱਖ ਸਵਾਰ ਸਕੇ ਅਤੇ ਪਰਿਵਾਰ ਨੂੰ ਆਰਿਥਕ ਮਦਦ ਭੇਜ ਸਕੇ।
ਦਰਅਸਲ ਬਰਨਾਲਾ ਜ਼ਿਲੇ ਦੇ ਪਿੰਡ ਭੱਠਲ ਦੇ ਇਕ ਨੌਜਵਾਨ ਨੂੰ ਕੈਨੇਡਾ ਵਿਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਕੈਨੇਡਾ ਦੇ ਐਡਮੈਂਟਨ ਦੇ ਸ਼ੇਰਵੁੱਡ ਪਾਰਕ ਵਿਚ ਇਕ ਪੰਜਾਬੀ ਜੋੜੇ ਦੇ ਘਰੇਲੂ ਝਗੜੇ ਦਾ ਸ਼ਿਕਾਰ ਹੋਇਆ ਹੈ।
ਪਿੰਡ ਭੱਠਲ ਦਾ ਹਰਮਨਜੋਤ ਸਿੰਘ (19) ਗਮਦੂਰ ਸਿੰਘ ਨਾਂ ਦੇ ਵਿਅਕਤੀ ਦਾ ਆਪਣੀ ਪਤਨੀ ਨਾਲ ਪਰਿਵਾਰਕ ਝਗੜਾ ਸੀ। ਇਸੇ ਸਿਲਸਿਲੇ ਵਿੱਚ ਬੀਤੇ ਸ਼ੁੱਕਰਵਾਰ ਨੂੰ ਗਮਦੂਰ ਬਰਾੜ ਦੀ ਪਤਨੀ ਨੇ ਆਪਣੇ ਰਿਸ਼ਤੇਦਾਰ ਇਸ ਨੌਜਵਾਨ ਹਰਮਨਜੋਤ ਸਿੰਘ ਨੂੰ ਫ਼ੋਨ ਕਰਕੇ ਮਦਦ ਲਈ ਬੁਲਾਇਆ ਸੀ ਪਰ ਬਾਅਦ ‘ਚ ਗਮਦੂਰ ਸਿੰਘ ਬਰਾੜ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਹਰਮਨਜੋਤ ਸਿੰਘ ਦੀ ਮੌਤ ਹੋ ਗਈ ਹੈ ਤੇ ਗਮਦੂਰ ਬਰਾੜ ਦੀ ਪਤਨੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਕੈਨੇਡਾ ਪੁਲਸ ਨੇ ਕਤਲ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।
ਹਰਮਨਜੋਤ ਸਿੰਘ ਡੇਢ ਸਾਲ ਪਹਿਲਾਂ ਹੀ ਕੈਨੇਡਾ ਗਿਆ ਸੀ। ਉਸ ਦੀ ਮੌਤ ਦੀ ਖਬਰ ਨਾਲ ਪੂਰੇ ਪਿੰਡ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਹੈ। ਪਰਿਵਾਰ ਵੱਲੋਂ ਪੁੱਤ ਨੂੰ ਇੱਕ ਬੇਹਤਰ ਜ਼ਿੰਦਗੀ ਜਿਉਣ ਲਈ ਕੈਨੇਡਾ ਭੇਜਿਆ ਸੀ। ਦੋਸ਼ੀ ਗਮਦੂਰ ਸਿੰਘ ਬਰਾੜ ਨੂੰ ਪੁਲਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਹਮਲਾਵਰ ਐਡਮਿੰਟਨ ਵਿਖੇ ਇਕ ਫੁਨਰਲ ਹੋਮ ਦਾ ਮਾਲਕ ਦੱਸਿਆ ਜਾਂਦਾ ਹੈ।