ਅੰਮ੍ਰਿਤਸਰ (ਬਿਊਰੋ)- ਪਤੀ-ਪਤਨੀ ਵਿਚਕਾਰ ਅਣਬਣ ਕਈ ਵਾਰ ਇੰਨੀ ਵੱਧ ਜਾਂਦੀ ਹੈ ਕਿ ਮਾਮਲਾ ਥਾਣਿਆਂ ਕਚਹਿਰੀਆਂ ਵਿਚ ਪਹੁੰਚ ਜਾਂਦਾ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਦੇ ਮਜੀਠਾ ਰੋਡ ‘ਤੇ ਘਰੇਲੂ ਕਲੇਸ਼ ਇੰਨਾ ਵੱਧ ਗਿਆ ਕਿ ਜੋੜੇ ਦਾ ਪਰਿਵਾਰ ਸੜਕ ‘ਤੇ ਆ ਗਿਆ। ਇਸ ਮਾਮਲੇ ਵਿਚ ਪੁਲਸ ਨੇ ਨੌਜਵਾਨ ‘ਤੇ ਦਾਜ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਫਿਲਹਾਲ ਮੁਲਜ਼ਮ ਅਜੇ ਫਰਾਰ ਦੱਸੇ ਜਾ ਰਹੇ ਹਨ।
ਅੰਮ੍ਰਿਤਸਰ ਦੇ ਮਜੀਠਾ ਰੋਡ ਦੀਆਂ ਇਹ ਤਸਵੀਰਾਂ ਤੁਹਾਨੂੰ ਹਿਲਾ ਕੇ ਰੱਖ ਦੇਣਗੀਆਂ। ਇਨ੍ਹਾਂ ਤਸਵੀਰਾਂ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਇਕ ਮਹਿਲਾ ਦੀ ਬਾਂਹ ਵਿਚੋਂ ਖੂਨ ਵੱਗ ਰਿਹਾ ਹੈ। ਲੜਕੀ ਦੇ ਭਰਾ ਰਾਜਨ ਕੁਮਾਰ ਨੇ ਦੱਸਿਆ ਕਿ ਪਰਸੋਂ ਮੇਰੀ ਭੈਣ ਮਾਧੁਰੀ ਨਾਲ ਇਨ੍ਹਾਂ ਨੇ ਝਗੜਾ ਕੀਤਾ ਅਤੇ ਦਾਜ ਦੀ ਮੰਗ ਕੀਤੀ। ਮਾਧੁਰੀ ਵਲੋਂ ਮਨਾਂ ਕਰਨ ‘ਤੇ ਵਿਸ਼ਾਲ ਸ਼ਰਮਾ ਅਤੇ ਉਸ ਮਾਂ ਨੇ ਕੁੱਟਮਾਰ ਕੀਤੀ ਜਿਸ ਕਾਰਣ ਉਸ ਦੀ ਬਾਂਹ ਦੀ ਐਲਬੋ ਟੁੱਟ ਗਈ। ਸਾਡੀ ਲੜਕੀ ਦਾ ਪ੍ਰਾਈਵੇਟ ਹਸਪਤਾਲ ਵਿਚ ਆਪ੍ਰੇਸ਼ਨ ਹੋਇਆ ਹੈ।
ਦਰਅਸਲ ਇਕ ਲੜਕੀ ਜਿਸ ਦਾ ਨਾਂ ਮਾਧੁਰੀ ਹੈ ਉਹ ਬਟਾਲਾ ਦੀ ਰਹਿਣ ਵਾਲੀ ਹੈ ਅਤੇ ਉਸ ਦੇ ਵਿਆਹ ਨੂੰ ਅਜੇ 15 ਦਿਨ ਹੀ ਹੋਏ ਸਨ। ਉਸ ਦਾ ਵਿਆਹ ਮਜੀਠਾ ਰੋਡ ਵਾਸੀ ਵਿਸ਼ਾਲ ਦੇ ਨਾਲ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਹੀ ਮਾਧੁਰੀ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕੀਤਾ ਜਾਣ ਲੱਗਾ। ਜਿਸ ਤੋਂ ਬਾਅਦ ਦੋਹਾਂ ਵਿਚਾਲੇ ਝਗੜੇ ਦੀ ਸ਼ੁਰੂਆਤ ਹੋਈ।
ਇੰਨਾ ਹੀ ਨਹੀਂ ਮਾਧੁਰੀ ਦੇ ਪਰਿਵਾਰਕ ਮੈਂਬਰ ਦੇਰ ਰਾਤ ਉਸ ਦੇ ਸਹੁਰਾ ਘਰ ਪਹੁੰਚੇ ਅਤੇ ਵਿਸ਼ਾਲ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਿਸ ਦੀਆਂ ਤਸਵੀਰਾਂ ਸੀਸੀਟੀਵੀ ਵਿਚ ਕੈਦ ਹੋ ਗਈਆਂ। ਵਿਸ਼ਾਲ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਮਾਧੁਰੀ ਆਏ ਦਿਨ ਝਗੜੇ ਕਰਦੀ ਸੀ ਉਹ ਇਥੇ ਰਹਿਣਾ ਹੀ ਨਹੀਂ ਚਾਹੁੰਦੀ ਸੀ। ਪੁਲਸ ਨੇ ਇਸ ਮਾਮਲੇ ਵਿਚ ਦੋਹਾਂ ਧਿਰਾਂ ਦੀ ਸ਼ਿਕਾਇਤ ਆਉਣ ਪਿੱਛੋਂ ਵਿਸ਼ਾਲ ‘ਤੇ ਦਾਜ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।