ਜਲੰਧਰ (ਇੰਟ.)- ਹਮੇਸ਼ਾ ਹੀ ਆਪਣੇ ਬਿਆਨਾਂ ਰਾਹੀਂ ਵਿਵਾਦਾਂ ਵਿਚ ਰਹਿਣ ਵਾਲੇ ਸਵਾਮੀ ਰਾਮਦੇਵ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ ਕਿਉਂਕਿ ਜਲੰਧਰ ਦੇ ਮਸ਼ਹੂਰ ਡਾਕਟਰ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਉਪ ਪ੍ਰਧਾਨ ਡਾਕਟਰ ਨਵਜੋਤ ਸਿੰਘ ਦਹੀਆ ਨੇ ਸਵਾਮੀ ਰਾਮਦੇਵ ਵਿਰੁੱਧ ਜਲੰਧਰ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਨਵਜੋਤ ਦਹੀਆ ਮੁਤਾਬਕ ਸਵਾਮੀ ਰਾਮਦੇਵ ਨੇ ਬੀਤੇ ਦਿਨ ਦੇਸ਼ ਦੀਆਂ ਮੈਡੀਕਲ ਸਹੂਲਤਾਂ ਨੂੰ ਲੈ ਕੇ ਵਿਵਾਦਤ ਬਿਆਨ ਦਿੱਤਾ ਹੈ ਜਿਸ ਵਿਚ ਉਨ੍ਹਾਂ ਨੇ ਦੇਸ਼ ਦੇ ਸਰਕਾਰੀ ਅਤੇ ਨਿੱਜੀ ਡਾਕਟਰਾਂ ਵਿਰੁੱਧ ਜੋ ਗੱਲ ਕਹੀ ਹੈ। ਉਸ ਦੇ ਵਿਰੁੱਧ ਉਨ੍ਹਾਂ ਨੇ ਜਲੰਧਰ ਪੁਲਸ ਨੂੰ ਅਪੀਲ ਕੀਤੀ ਹੈ। ਇਸ ਦੀ ਜਾਂਚ ਕਰ ਕੇ ਸਵਾਮੀ ਰਾਮਦੇਵ ਵਿਰੁੱਧ ਕਾਰਵਾਈ ਕੀਤੀ ਜਾਵੇ।
ਜਲੰਧਰ ਦੇ ਡਾਕਟਰ ਨਵਜੋਤ ਸਿੰਘ ਦਹੀਆ ਦਾ ਕਹਿਣਾ ਹੈ ਕਿ ਇਹ ਜੋ ਵੀਡੀਓ ਵਾਇਰਲ ਹੋ ਰਹੀ ਹੈ ਉਸ ਵਿਚ ਦੇਖਿਆ ਜਾ ਸਕਦਾ ਹੈ ਕਿ ਬਾਬਾ ਰਾਮਦੇਵ ਕਿਵੇਂ ਸਰਕਾਰੀ ਹਸਪਤਾਲਾਂ ਹੋਰ ਸਰਕਾਰੀ ਸਿਹਤ ਕੇਂਦਰਾਂ ਵਿਚ ਪਿਛਲੇ ਇਕ ਸਾਲ ਤੋਂ ਮਰੀਜ਼ਾਂ ਦਾ ਇਲਾਜ ਕਰ ਰਹੇ ਸਾਡੇ ਫਰੰਟ ਲਾਈਨ ਵਰਕਰਜ਼ ਜਾਂ ਡਾਕਟਰਾਂ ਅਤੇ ਸਟਾਫ ਬਾਰੇ ਬਹੁਤ ਅਪਸ਼ਬਦ ਬੋਲੇ ਜਾ ਰਹੇ ਹਨ। ਉਨ੍ਹਾਂ ਨੇ ਤਾਂ ਇਥੋਂ ਤੱਕ ਆਖ਼ ਦਿੱਤਾ ਕਿ ਇਹ ਸਿਹਤ ਮੁਲਾਜ਼ਮ ਲੋਕਾਂ ਨੂੰ ਸਟੀਰਾਇਡ ਲਗਾ ਕੇ ਜਾਨੋਂ ਮਾਰ ਰਹੇ ਹਨ। ਉਨ੍ਹਾਂ ਕਿਹਾ ਕਿ ਬਾਬਾ ਰਾਮਦੇਵ ਦਾ ਮਕਸਦ ਸਿਰਫ ਤੇ ਸਿਰਫ ਆਪਣੇ ਵਪਾਰਕ ਅਦਾਰੇ ਨੂੰ ਵਧਾਉਣਾ ਹੈ।
ਉਨ੍ਹਾਂ ਨੇ ਇਥੋਂ ਤੱਕ ਵੀ ਕਿਹਾ ਕਿ ਮਰੀਜ਼ਾਂ ਨੂੰ ਆਕਸੀਜਨ ਤੱਕ ਲੈਣੀ ਨਹੀਂ ਆਉਂਦੀ ਇਸ ਲਈ ਆਕਸੀਜਨ ਦੀ ਕਮੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਮੇਰੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਕਾਰਣ ਮੈਂ ਬਾਬਾ ਰਾਮਦੇਵ ਵਿਰੁੱਧ ਜਲੰਧਰ ਕਮਿਸ਼ਨਰੇਟ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਮੈਂ ਆਸ ਕਰਦਾ ਹਾਂ ਕਿ ਪ੍ਰਸ਼ਾਸਨ ਵਲੋਂ ਮੈਨੂੰ ਇਨਸਾਫ ਮਿਲੇਗਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬਾਬਾ ਰਾਮਦੇਵ ਕਈ ਤਰ੍ਹਾਂ ਦੇ ਵਿਵਾਦਾਂ ਕਾਰਣ ਚਰਚਾ ਵਿਚ ਰਹੇ ਹਨ। ਹਾਲ ਹੀ ਵਿਚ ਉਨ੍ਹਾਂ ਦੇ ਅਦਾਰੇ ਪਤੰਜਲੀ ਵੱਲੋਂ ਕੋਰੋਨਾ ਵਿਰੁੱਧ ਲੜਾਈ ਲਈ ਤਿਆਰ ਕੀਤੀ ਗਈ ‘ਕੋਰੋਨਿਲ’ ਵੈਕਸੀਨ ਨੂੰ ਵਿਵਾਦ ਖੜਾ ਹੋ ਗਿਆ ਸੀ।