ਚੰਡੀਗੜ੍ਹ-ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਵਿਰਸਾ ਸਿੰਘ ਵਲਟੋਹਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਵਿਰਸਾ ਸਿੰਘ ਵਲਟੋਹਾ ਖਡੂਰ ਸਾਹਿਬ ਤੋਂ ਵਿਧਾਇਕ ਵੀ ਰਹਿ ਚੁੱਕੇ ਹਨ। ਖਡੂਰ ਸਾਹਿਬ ਪੰਥਕ ਸੀਟ ਹੋਣ ਕਾਰਨ ਵਲਟੋਹਾ ਨੂੰ ਲਿਆਂਦਾ ਗਿਆ ਹੈ। ਉਨ੍ਹਾਂ ਦਾ ਨਾਂ ਪੰਥਕ ਆਗੂਆਂ ਵਿਚ ਆਉਂਦਾ ਹੈ। ਵਲਟੋਹਾ ਪੰਜਾਬ ਸਰਕਾਰ ਵਿੱਚ ਵੀ ਸੀ.ਪੀ.ਐਸ. ਵੀ ਰਹਿ ਚੁੱਕੇ ਹਨ। ਪਹਿਲਾਂ ਚਰਚਾ ਇਹ ਸੀ ਕਿ ਪਾਰਟੀ ਇੱਥੋਂ ਬਿਕਰਮ ਸਿੰਘ ਮਜੀਠੀਆ ਉਮੀਦਵਾਰ ਹੋ ਸਕਦੇ ਹਨ ਪਰ ਹੁਣ ਪਾਰਟੀ ਨੇ ਵਲਟੋਹਾ ਨੂੰ ਖਡੂਰ ਸਾਹਿਬ ਤੋਂ ਟਿਕਟ ਦੇ ਦਿੱਤੀ ਹੈ।
ਖਡੂਰ ਸਾਹਿਬ ਤੋਂ ਆਸਾਮ ਦੀ ਜੇਲ੍ਹ ਵਿਚ ਬੰਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਵੀ ਚੋਣ ਲੜਨ ਦਾ ਐਲਾਨ ਕੀਤਾ ਹੈ। ਫਿਰ ਚਰਚਾ ਸੀ ਕਿ ਅਕਾਲੀ ਦਲ ਅੰਮ੍ਰਿਤਪਾਲ ਦੀ ਹਮਾਇਤ ਕਰ ਸਕਦਾ ਹੈ। ਹਾਲਾਂਕਿ ਅਕਾਲੀ ਦਲ ਹੁਣ ਇੱਥੇ ਇਕੱਲਿਆਂ ਹੀ ਚੋਣ ਲੜੇਗਾ। ਅੱਜ ਦੇ ਉਮੀਦਵਾਰ ਸਣੇ ਅਕਾਲੀ ਦਲ ਦੇ ਸਾਰੇ ਉਮੀਦਵਾਰ ਪੂਰੇ ਹੋ ਚੁੱਕੇ ਹਨ।
ਅਕਾਲੀ ਦਲ ਨੇ ਗੁਰਦਾਸਪੁਰ ਤੋਂ ਡਾਕਟਰ ਦਲਜੀਤ ਚੀਮਾ, ਅੰਮ੍ਰਿਤਸਰ ਤੋਂ ਅਨਿਲ ਜੋਸ਼ੀ, ਆਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂਮਾਜਰਾ, ਫਤਿਹਗੜ੍ਹ ਸਾਹਿਬ ਤੋਂ ਬਿਕਰਮਜੀਤ ਖਾਲਸਾ, ਫਰੀਦਕੋਟ ਤੋਂ ਰਾਜਵਿੰਦਰ ਸਿੰਘ, ਸੰਗਰੂਰ ਤੋਂ ਇਕਬਾਲ ਸਿੰਘ ਝੂੰਦਾਂ, ਪਟਿਆਲਾ ਸੀਟ ਤੋਂ ਐਨਕੇ ਸ਼ਰਮਾ, ਹਰਸਿਮਰਤ ਕੌਰ ਬਾਦਲ ਨੂੰ ਬਠਿੰਡਾ ਤੋਂ ਉਮੀਦਵਾਰ ਬਣਾਇਆ ਹੈ। ਜਲੰਧਰ ਤੋਂ ਮਹਿੰਦਰ ਸਿੰਘ ਕੇਪੀ, ਲੁਧਿਆਣਾ ਤੋਂ ਰਣਜੀਤ ਸਿੰਘ ਢਿੱਲੋਂ, ਹੁਸ਼ਿਆਰਪੁਰ ਤੋਂ ਸੋਹਣ ਸਿੰਘ ਠੰਡਲ, ਫਿਰੋਜ਼ਪੁਰ ਤੋਂ ਨਰਦੇਵ ਸਿੰਘ (ਬੌਬੀ ਮਾਨ) ਅਤੇ ਚੰਡੀਗੜ੍ਹ ਤੋਂ ਹਰਦੀਪ ਸਿੰਘ ਸੈਣੀ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।