ਲੁਧਿਆਣਾ- ਰਾੜਾ ਸਾਹਿਬ ਗੁਰਦੁਆਰੇ ਵਿਚ ਕੋਵਿਡ ਹਸਪਤਾਲ ਬਣਾਉਣ ਨੂੰ ਡੀ.ਸੀ. ਵਰਿੰਦਰ ਸ਼ਰਮਾ ਨੇ ਪਰਵਾਨਗੀ ਦੇ ਦਿੱਤੀ ਹੈ। ਇਸ ਨੂੰ ਲੈ ਕੇ ਮੰਗਲਵਾਰ ਨੂੰ ਸਿਵਲ ਸਰਜਨ ਅਤੇ ਐਕਸਪਰਟ ਕਮੇਟੀ ਨੇ ਹਸਪਤਾਲ ਦਾ ਦੌਰਾ ਕੀਤਾ। ਡੀ.ਸੀ. ਵਰਿੰਦਰ ਸ਼ਰਮਾ ਨੇ ਕਿਹਾ ਕਿ 45 ਸਾਲ ਤੋਂ ਉਪਰ ਦੀ ਉਮਰ ਦੇ ਲੋਕਾਂ ਨੂੰ ਵੈਕਸੀਨ ਅਤੇ ਕੋਵਿਡ ਟੈਸਟ ਦੀ ਸਹੂਲਤ ਇਥੇ ਬੁੱਧਵਾਰ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਕੋਵਿਡ ਹਸਪਤਾਲ ਇਸੇ ਹਫਤੇ ਸ਼ੁਰੂ ਕਰ ਦਿੱਤਾ ਜਾਵੇਗਾ।
ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਕਿਹਾ ਕਿ ਕੋਰੋਨਾ ਇਸ ਸਮੇਂ ਸ਼ਹਿਰ ਦੇ ਨਾਲ-ਨਾਲ ਪਿੰਡਾਂ ਵਿਚ ਵੀ ਫੈਲ ਰਿਹਾ ਹੈ। ਰਾੜਾ ਸਾਹਿਬ ਦੇ ਸੰਤਾਂ ਨੇ ਸਾਡੇ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ਗੁਰਦੁਆਰਾ ਸਾਹਿਬ ਵਿਚ ਹਸਪਤਾਲ ਹੈ ਜੋ ਖਾਲੀ ਹੈ। ਪ੍ਰਸ਼ਾਸਨ ਇਥੇ ਕੋਵਿਡ ਸੈਂਟਰ ਸਥਾਪਿਤ ਕਰੇ ਤਾਂ ਜੋ ਨੇੜੇ ਰਹਿੰਦੇ ਲੋਕਾਂ ਨੂੰ ਇਲਾਜ ਲਈ ਸ਼ਹਿਰ ਨਾ ਜਾਣਾ ਪਵੇ। ਡੀ.ਸੀ. ਨੇ ਦੱਸਿਆ ਕਿ ਉਨ੍ਹਾਂ ਨੇ ਮਾਹਰਾਂ ਦੀ ਟੀਮ ਦੇ ਨਾਲ ਦੌਰਾ ਕੀਤਾ ਤਾਂ ਉਥੇ ਚੰਗੀ ਵਿਵਸਥਾ ਮਿਲੀ। ਡੀ.ਸੀ. ਨੇ ਦੱਸਿਆ ਕਿ ਉਥੇ ਲੈਵਲ 1 ਅਤੇ ਲੈਵਲ 2 ਦੇ ਮਰੀਜ਼ਾਂ ਲਈ ਬੈੱਡ ਲਗਾਏ ਜਾ ਸਕਦੇ ਹਨ।
ਡੀ.ਸੀ. ਨੇ ਦੱਸਿਆ ਕਿ ਸਿਵਲ ਸਰਜਨ ਡਾ. ਕਿਰਣ ਆਹਲੂਵਾਲੀਆ ਨੇ ਵੀ ਇਥੇ ਕੋਵਿਡ ਸੈਂਟਰ ਬਣਾਉਣ ਲਈ ਭਰਪੂਰ ਸਹੂਲਤਾਂ ਹੋਣ ਦੀ ਗੱਲ ਕਹੀ ਹੈ। ਡੀ.ਸੀ. ਨੇ ਕਿਹਾ ਕਿ ਕਈ ਧਾਰਮਿਕ ਸੰਸਥਾਵਾਂ ਇਸ ਤਰ੍ਹਾਂ ਸੇਵਾ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਕੋਵਿਡ ਇਕ ਗੰਭੀਰ ਮਾਮਲਾ ਹੈ ਇਸ ਲਈ ਕੋਵਿਡ ਸੈਂਟਰ ਸ਼ੁਰੂ ਕਰਨ ਤੋਂ ਪਹਿਲਾਂ ਸਹੂਲਤਾਂ ਜਾਂਚੀਆਂ ਜਾ ਰਹੀਆਂ ਹਨ। ਡੀ.ਸੀ. ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਲਾਕਡਾਊਨ ਦਾ ਪਾਲਨ ਕਰੋ ਅਤੇ ਭੀੜ ਨਾ ਕਰੋ। ਇਸ ਨਾਲ ਹੀ ਕੋਰੋਨਾ ਦਾ ਖਤਰਾ ਘੱਟ ਹੋ ਸਕਦਾ ਹੈ।