Lok Sabha Elections 2024 Live : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਪੰਜਾਬ ‘ਚ ਆਖ਼ਰੀ ਗੇੜ ਦੀਆਂ ਵੋਟਾਂ ਪੈ ਰਹੀਆਂ ਹਨ। ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ, ਜੋ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਇਸ ਦੌਰਾਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀ ਪਤਨੀ ਗੁਰਪ੍ਰੀਤ ਕੌਰ ਨਾਲ ਵੋਟ ਪਾਉਣ ਪਹੁੰਚੇ। ਮੁੱਖ ਮੰਤਰੀ ਵਲੋਂ ਸੰਗਰੂਰ ਦੇ ਪਿੰਡ ਮੰਗਵਾਲ ਦੇ ਪੋਲਿੰਗ ਬੂਥ ‘ਤੇ ਵੋਟ ਪਾਈ ਗਈ ਹੈ।
ਕਾਂਗਰਸ ਪੰਜਾਬ ਪ੍ਰਧਾਨ ਰਾਜਾ ਵੜਿੰਗ ਵੀ ਪੁੱਜੇ ਵੋਟ ਪਾਉਣ
ਹੋਟ ਸੀਟ ਫਰੀਦਕੋਟ ਦੇ ਅਧੀਨ ਆਉਂਦੇ ਹਲਕਾ ਸ੍ਰੀ ਮੁਕਤਸਰ ਸਾਹਿਬ ਵਿਚ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਰਿਵਾਰ ਸਮੇਤ ਆਪਣੇ ਵੋਟ ਦਾ ਇਸਤੇਮਾਲ ਕੀਤਾ। ਬੂਥ ਨੰਬਰ 118 ‘ਤੇ ਰਾਜਾ ਵੜਿੰਗ ਨੇ ਪਤਨੀ ਅਮ੍ਰਿਤਾ ਵੜਿੰਗ ਨਾਲ ਵੋਟ ਪਾਈ। ਇਸ ਦੌਰਾਨ ਵੜਿੰਗ ਨੇ ਕਿਹਾ ਕਿ ਲੋਕਤੰਤਰ ਵਿਚ ਆਪਣੀ ਵੋਟ ਦਾ ਇਸਤੇਮਾਲ ਕਰਨਾ ਸਾਰੇ ਨਾਗਰਿਕਾਂ ਦਾ ਫਰਜ਼ ਹੈ। ਸਾਨੂੰ ਸਾਰਿਆਂ ਨੇ ਆਪਣੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਅਸੀਂ ਦੇਸ਼ ਦੀ ਦਿਸ਼ਾ ਅਤੇ ਦਸ਼ਾ ਤੈਅ ਕਰ ਸਕਦੇ ਹਾਂ। ਇਸ ਦੇ ਚੱਲਦੇ ਉਹ ਚੋਣਾਂ ਲੜਨ ਦੇ ਬਾਵਜੂਦ ਇਥੇ ਆਪਣੀ ਵੋਟ ਦਾ ਇਸਤੇਮਾਲ ਕਰਨ ਆਏ ਹਨ।
ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਰੰਧਾਵਾ ਨੇ ਪਾਈ ਵੋਟ
ਉਧਰ, ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਵੋਟ ਪਾਈ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਵੋਟਰਾਂ ‘ਤੇ ਪੂਰਾ ਭਰੋਸਾ ਹੈ। ਲੋਕ ਪਾਰਟੀ ਨੂੰ ਨਹੀਂ ਦੇਖਦੇ, ਸਗੋਂ ਇਹ ਦੇਖਦੇ ਹਨ ਕਿ ਕੰਮ ਕੌਣ ਕਰ ਰਿਹਾ ਹੈ ਅਤੇ ਸਾਡੀ ਲੜਾਈ ਕੌਣ ਲੜੇਗਾ। ਸਾਡੇ ਨਾਲ ਕੌਣ ਖੜ੍ਹੇਗਾ। ਸਾਡੇ ਲਈ ਸੰਸਦ ‘ਚ ਜਾ ਕੇ ਕੌਣ ਆਵਾਜ਼ਾ ਚੁੱਕੇਗਾ। ਰੰਧਾਵਾ ਨੇ ਕਿਹਾ ਕਿ ਲੋਕਾਂ ਦੇ ਦਿਮਾਗ ‘ਚ ਇਹੀ ਗੱਲ ਚੱਲ ਰਹੀ ਹੈ ਕਿ ਉਨ੍ਹਾਂ ਨੂੰ ਮਜ਼ਬੂਤ ਆਗੂ ਚਾਹੀਦਾ ਹੈ।
ਡੀਸੀ ਥੋਰੀ ਨੇ ਪਰਿਵਾਰ ਨਾਲ ਪੁੱਜੇ
ਇਸ ਦੌਰਾਨ ਅੰਮ੍ਰਿਤਸਰ ਦੇ ਡੀ. ਸੀ. ਘਨਸ਼ਿਆਮ ਥੋਰੀ ਨੇ ਆਪਣੇ ਪਰਿਵਾਰ ਸਮੇਤ ਵੋਟ ਪਾਈ ਅਤੇ ਲੋਕਾਂ ਨੂੰ ਵੀ ਵੋਟ ਪਾਉਣ ਦੀ ਅਪੀਲ ਕੀਤੀ।
ਲੁਧਿਆਣਾ ਵਿਖੇ ਆਪ ਉਮੀਦਵਾਰ ਪੁੱਜੇ ਵੋਟ ਪਾਉਣ
ਇੱਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਵੋਟ ਪਾ ਦਿੱਤੀ ਹੈ। ਇਸ ਤੋਂ ਇਲਾਵਾ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਵੀ ਵੋਟ ਦੇ ਹੱਕ ਦੀ ਵਰਤੋਂ ਕੀਤੀ ਹੈ। ਪਾਇਲ ਤੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਵੋਟ ਪਾ ਦਿੱਤੀ ਹੈ।