ਚੰਡੀਗੜ੍ਹ : ਸ਼ਨਿਚਰਵਾਰ ਵਾਰ ਤੋਂ ਪੰਜਾਬ ਦੇ ਕੁਝ ਇਲਾਕਿਆਂ ਵਿਚ ਮੌਸਮ ਬਦਲ ਗਿਆ। ਕਿਤੇ ਹਨੇਰੀ ਤੇ ਕਿਤੇ ਮੀਂਹ ਨੇ ਗਰਮੀ ਤੋਂ ਰਾਹਤ ਦਿਵਾਈ ਹੈ। ਫਰੀਦਕੋਟ ਵਿਚ ਤਾਂ ਸ਼ਨਿੱਚਰਵਾਰ ਸਵੇਰੇ ਹੀ ਵੋਟਾਂ ਪੈਣ ਦੌਰਾਨ ਹਨੇਰੀ ਨੇ ਪੋਲਿੰਗ ਬੂਥ ਪੁੱਟ ਸੁੱਟੇ ਸਨ। ਉਧਰ, ਸ਼ਾਮ ਵੇਲੇ ਬਠਿੰਡਾ ਵਿਚ ਬੂੰਦਾਂ ਬਾਂਦੀ ਹੋਈ। ਹੁਣ ਮੌਸਮ ਵਿਭਾਗ ਨੇ ਮੁੜ ਖੁਸ਼ਖਬਰੀ ਦਿੱਤੀ ਹੈ। ਮੌਸਮ ਵਿਚ ਮਿਲੀ ਇਹ ਰਾਹਤ ਹਾਲੇ ਤਿੰਨ ਦਿਨ ਬਰਕਰਾਰ ਰਹੇਗੀ। ਮੌਸਮ ਵਿਚ ਹੋਈ ਇਹ ਤਬਦੀਲੀ ਪੱਛਮੀ ਗੜਬੜੀ ਸਰਗਰਮ ਹੋਣ ਕਾਰਨ ਆਈ ਹੈ, ਜਿਸ ਕਾਰਨ ਹਵਾਵਾਂ ਚੱਲੀਆਂ। ਮੌਸਮ ਕੇਂਦਰ ਅਨੁਸਾਰ ਐਤਵਾਰ ਅਤੇ ਸੋਮਵਾਰ ਨੂੰ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਪਰ ਮੰਗਲਵਾਰ ਤੋਂ ਇਕ ਵਾਰ ਫਿਰ ਮੀਂਹ ਦੀ ਚੰਗੀ ਸੰਭਾਵਨਾ ਬਣ ਗਈ ਹੈ। ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਜਿੱਥੋਂ ਤੱਕ ਤਾਪਮਾਨ ਦੀ ਗੱਲ ਹੈ ਤਾਂ ਅਗਲੇ 2 ਦਿਨ ਤਾਪਮਾਨ ’ਚ ਥੋੜ੍ਹਾ ਵਾਧਾ ਦੇਖਿਆ ਜਾ ਸਕਦਾ ਹੈ। 4 ਜੂਨ ਤੋਂ ਤਾਪਮਾਨ ’ਚ ਮਾਮੂਲੀ ਗਿਰਾਵਟ ਆਉਣੀ ਸ਼ੁਰੂ ਹੋਵੇਗੀ। ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ 44.5 ਡਿਗਰੀ ਦਰਜ ਹੋਇਆ, ਜੋ ਕਿ ਆਮ ਨਾਲੋਂ 5 ਡਿਗਰੀ ਜ਼ਿਆਦਾ ਰਿਹਾ। ਘੱਟ ਤੋਂ ਘੱਟ ਤਾਪਮਾਨ ਆਮ ਨਾਲੋਂ 1 ਡਿਗਰੀ ਜ਼ਿਆਦਾ 27.2 ਡਿਗਰੀ ਦਰਜ ਹੋਇਆ।
ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਵੱਲੋਂ ਅਗਲੇ ਤਿੰਨ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਅਨੁਸਾਰ ਸ਼ਹਿਰ ’ਚ ਲੂ ਦੀ ਸਥਿਤੀ ਬਣੀ ਰਹੇਗੀ। ਗਰਜ ਦੇ ਨਾਲ ਮੀਂਹ ਪੈਣ ਦੀ ਵੀ ਸੰਭਾਵਨਾ ਹੈ। 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ।
ਅਜਿਹਾ ਰਹੇਗਾ ਅਗਲੇ ਦਿਨਾਂ ਦਾ ਤਾਪਮਾਨ
ਐਤਵਾਰ ਨੂੰ ਮੌਸਮ ਸਾਫ਼, ਵੱਧ ਤੋਂ ਵੱਧ ਤਾਪਮਾਨ 43 ਡਿਗਰੀ, ਘੱਟੋ-ਘੱਟ ਤਾਪਮਾਨ 29 ਡਿਗਰੀ ਹੋ ਸਕਦਾ ਹੈ।
ਸੋਮਵਾਰ ਨੂੰ ਵੀ ਮੌਸਮ ਸਾਫ਼, ਵੱਧ ਤੋਂ ਵੱਧ ਤਾਪਮਾਨ 43 ਡਿਗਰੀ, ਘੱਟੋ-ਘੱਟ ਤਾਪਮਾਨ 27 ਡਿਗਰੀ ਹੋ ਸਕਦਾ ਹੈ।
ਮੰਗਲਵਾਰ ਨੂੰ ਹਲਕੇ ਬੱਦਲ, ਮੀਂਹ ਪੈਣ ਦੀ ਸੰਭਾਵਨਾ, ਵੱਧ ਤੋਂ ਵੱਧ ਤਾਪਮਾਨ 42 ਡਿਗਰੀ, ਘੱਟੋ-ਘੱਟ ਤਾਪਮਾਨ 27 ਡਿਗਰੀ ਹੋ ਸਕਦਾ ਹੈ।
ਮਾਲਵਾ ਤਪੇਗਾ, ਮਾਝੇ ਤੇ ਦੁਆਬੇ ਵਿਚ ਪਵੇਗਾ ਮੀਂਹ
ਸੂਬੇ ਦਾ ਮਾਲਵਾ ਖੇਤਰ ਜਿਥੇ ਲੂ ਨਾਲ ਤਪ ਰਿਹਾ ਹੈ ਦੂਜੇ ਪਾਸੇ ਮਾਝਾ ਤੇ ਦੁਆਬੇ ਵਿਚ ਮੀਂਹ ਨਾਲ ਰਾਹਤ ਦੇ ਆਸਾਰ ਹਨ। ਮੌਸਮ ਵਿਭਾਗ ਮੁਤਾਬਕ ਅਜੇ ਕੁਝ ਦਿਨ ਰਾਹਤ ਭਰੇ ਰਹਿਣ ਵਾਲੇ ਹਨ। 4 ਜੂਨ ਤੱਕ ਸੂਬੇ ਵਿਚ ਮਿਲਿਆ-ਜੁਲਿਆ ਅਸਰ ਦਿਖਣ ਨੂੰ ਮਿਲੇਗਾ, ਜਦੋਂ ਕਿ 5 ਜੂਨ ਨੂੰ ਸਥਿਤੀ ਸਾਧਾਰਨ ਹੋ ਰਹੀ ਹੈ। ਬੀਤੀ ਰਾਤ ਮਾਨਸਾ, ਸੰਗਰੂਰ, ਬਰਨਾਲਾ ਤੇ ਬਠਿੰਡਾ ਵਿਚ ਮੌਸਮ ਵਿਚ ਹਲਕਾ ਬਦਲਾਅ ਹੋਇਆ ਪਰ ਇਨ੍ਹਾਂ ਇਲਾਕਿਆਂ ਵਿਚ ਲੂ ਦਾ ਅਲਰਟ ਹੈ। ਇਸ ਤੋਂ ਇਲਾਵਾ ਮੁਕਤਸਰ, ਫਰੀਦਕੋਟ, ਮੋਗਾ, ਬਠਿੰਡਾ, ਬਰਨਾਲਾ, ਲੁਧਿਆਣਾ ਵਿਚ ਵੀ ਲੂ ਦਾ ਅਲਰਟ ਜਾਰੀ ਹੈ ਜਦੋਂ ਕਿ ਫਾਜ਼ਿਲਕਾ, ਫਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਤੇ ਨਵਾਂਸ਼ਹਿਰ ਵਿਚ ਲੂ ਦੇ ਨਾਲ ਮੀਂਹ ਤੇ ਤੇਜ਼ ਹਵਾਵਾਂ ਚੱਲਣ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।