Punjab News : ਲੋਕ ਸਭਾ ਚੋਣਾਂ ਮਗਰੋਂ ਪੰਜਾਬੀਆਂ ਨੂੰ ਝਟਕਾ ਲੱਗਾ ਹੈ। ਸੂਬੇ ਵਿਚ ਬਿਜਲੀ ਮਹਿੰਗੀ ਕਰ ਦਿੱਤੀ ਗਈ ਹੈ। ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਵਿੱਤੀ ਸਾਲ 2024-25 ਲਈ ਨਵੇਂ ਟੈਰਿਫ ਚਾਰਜ ਮਿੱਥੇ ਹਨ। ਕਮਿਸ਼ਨ ਨੇ ਘਰੇਲੂ ਦਰਾਂ ਵਿੱਚ 10 ਤੋਂ 12 ਪੈਸੇ ਪ੍ਰਤੀ ਯੂਨਿਟ ਤੇ ਉਦਯੋਗਿਕ ਇਕਾਈਆਂ ਲਈ 15 ਪੈਸੇ ਦਾ ਵਾਧਾ ਕੀਤਾ ਹੈ। ਟਿਊਬਵੈੱਲ ਕੁਨੈਕਸ਼ਨ ਲਈ ਬਿਜਲੀ ਦਰਾਂ ਵਿੱਚ 15 ਪੈਸੇ ਦਾ ਵਾਧਾ ਕੀਤਾ ਗਿਆ ਹੈ। ਨਵੇਂ ਹੁਕਮ ਪੰਜਾਬ ਵਿੱਚ 16 ਜੂਨ ਤੋਂ ਲਾਗੂ ਹੋਣਗੇ। ਇਹ ਹੁਕਮ ਇੱਕ ਸਾਲ ਲਈ ਰਹਿਣਗੇ। ਇਸ ਦੌਰਾਨ ਸਾਰੀਆਂ ਸ਼੍ਰੇਣੀਆਂ ਦੀਆਂ ਦਰਾਂ ਵਿੱਚ ਬਦਲਾਅ ਹੋਵੇਗਾ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਹਰ ਪਰਿਵਾਰ ਨੂੰ ਇੱਕ ਮਹੀਨੇ ਵਿੱਚ 300 ਯੂਨਿਟ ਤੇ ਦੋ ਮਹੀਨਿਆਂ ਵਿੱਚ 600 ਯੂਨਿਟ ਮੁਫ਼ਤ ਬਿਜਲੀ ਮਿਲਦੀ ਹੈ। ਜੇ ਕੋਈ ਪਰਿਵਾਰ 600 ਯੂਨਿਟ ਤੋਂ ਵੱਧ ਬਿਜਲੀ ਦੀ ਖਪਤ ਕਰਦਾ ਹੈ ਤਾਂ ਉਸ ਤੋਂ ਪੂਰਾ ਬਿੱਲ ਵਸੂਲਿਆ ਜਾਂਦਾ ਹੈ। ਅਜਿਹੇ ਵਿਚ ਖਪਤਕਾਰਾਂ ਨੂੰ ਬਿਜਲੀ ਬਿੱਲ ਦੀ ਵਧੀ ਹੋਈ ਦਰ ਮੁਤਾਬਕ ਭੁਗਤਾਨ ਕਰਨਾ ਪਵੇਗਾ। ਨਵੀਂ ਦਰ ਮੁਤਾਬਕ ਹੁਣ ਹਰ ਪਰਿਵਾਰ ਨੂੰ 30 ਤੋਂ 40 ਰੁਪਏ ਵਾਧੂ ਦੇਣੇ ਪੈਣਗੇ।
ਉਧਰ, ਘਰੇਲੂ ਸ਼੍ਰੇਣੀ ਵਿੱਚ 7 ਕਿਲੋਵਾਟ ਤੋਂ 50 ਕਿਲੋਵਾਟ ਤੱਕ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਜ਼ਿਆਦਾਤਰ ਮੱਧ ਵਰਗ ਅਤੇ ਉੱਚ ਵਰਗ ਇਸ ਸ਼੍ਰੇਣੀ ਵਿੱਚ ਆਉਂਦੇ ਹਨ। ਜੋ ਪਹਿਲਾਂ ਹੀ 5.34 ਰੁਪਏ ਤੋਂ 7.75 ਰੁਪਏ ਪ੍ਰਤੀ ਯੂਨਿਟ ਅਦਾ ਕਰ ਰਹੇ ਹਨ। ਜੇ ਸਾਰੇ ਟੈਕਸ ਸ਼ਾਮਲ ਕੀਤੇ ਜਾਣ ਤਾਂ ਇਸ ਯੂਨਿਟ ਦੀ ਕੀਮਤ ਕਰੀਬ 10 ਰੁਪਏ ਹੈ। ਇਸ ਦੇ ਨਾਲ ਹੀ ਗ਼ੈਰ-ਰਿਹਾਇਸ਼ੀ ਸਪਲਾਈ ਦੇ ਰੇਟ ਵੀ ਨਹੀਂ ਵਧੇ ਹਨ। ਇਸ ‘ਚ 7 ਕਿਲੋਵਾਟ ਤੱਕ ਦਾ ਰੇਟ 6.91 ਤੋਂ 7.75 ਰੁਪਏ ਪ੍ਰਤੀ ਯੂਨਿਟ ਹੈ।