ਬਠਿੰਡਾ (ਇੰਟ.)- ਪੰਜਾਬ ਪੁਲਸ ਦੇ ਅਫਸਰ ਅਤੇ ਮੁਲਾਜ਼ਮ ਵਿਭਾਗ ਦੀ ਛਵੀ ਧੁੰਦਲੀ ਕਰਨ ਤੋਂ ਬਾਜ਼ ਨਹੀਂ ਆ ਰਹੇ ਹਨ। ਜ਼ਿਲੇ ਦੇ ਪਿੰਡ ਬਾਠ ਵਿਚ ਇਕ ਮਹਿਲਾ ਨਾਲ ਜਬਰ ਜ਼ਨਾਹ ਕਰ ਰਹੇ ਸੀ.ਆਈ.ਏ. ਸਟਾਫ ਦੇ ਏ.ਐੱਸ.ਆਈ. ਨੂੰ ਲੋਕਾਂ ਨੇ ਰੰਗੇ ਹੱਥੀਂ ਕਾਬੂ ਕਰ ਨਥਾਨਾ ਪੁਲਸ ਹਵਾਲੇ ਕਰ ਦਿੱਤਾ। ਪੀੜਤ ਮਹਿਲਾ ਮੁਤਾਬਕ ਕੁਝ ਦਿਨ ਪਹਿਲਾਂ ਉਸ ਦੇ ਪੁੱਤਰ ਵਿਰੁੱਧ ਪੁਲਸ ਨੇ ਨਸ਼ਾ ਤਸਕਰੀ ਦਾ ਝੂਠਾ ਕੇਸ ਦਰਜ ਕੀਤਾ ਸੀ। ਇਸ ਦੇ ਚੱਲਦੇ ਲੜਕੇ ਨੂੰ ਬਚਾਉਣ ਲਈ ਲਗਾਤਾਰ ਉਸ ਨੂੰ ਬਲੈਕਮੇਲ ਕਰ ਰਿਹਾ ਸੀ ਜਦੋਂ ਕਿ ਮਹਿਲਾ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਘਟਨਾ ਦੀ ਵੀਡੀਓ ਵੀ ਇੰਟਰਨੈੱਟ ‘ਤੇ ਵਾਇਰਲ ਹੋਈ ਹੈ।
ਲੋਕਾਂ ਨੇ ਮੌਕੇ ‘ਤੇ ਏ.ਐੱਸ.ਆਈ. ਨੂੰ ਫੜਣ ਤੋਂ ਬਾਅਦ ਪੀੜਤਾ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਏ.ਐੱਸ.ਆਈ. ਨੇ ਉਸ ਨੂੰ ਹਸਪਤਾਲ ਨੇੜੇ ਬੁਲਾ ਕੇ ਜਬਰ ਜਨਾਹ ਕੀਤਾ ਸੀ। ਇਸ ਤੋਂ ਬਾਅਦ ਉਹ ਘਰ ਆਉਣ ਦੀ ਜ਼ਿੱਦ ਕਰਨ ਲੱਗਾ। ਇਸ ਗੱਲ ਤੋਂ ਮਹਿਲਾ ਕਾਫੀ ਪ੍ਰੇਸ਼ਾਨ ਰਹਿਣ ਲੱਗੀ, ਜਿਸ ਨੇ ਆਪਣੇ ਨਾਲ ਹੋਈ ਆਪ-ਬੀਤੀ ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਪਿੰਡ ਦੇ ਲੋਕਾਂ ਨੂੰ ਦਿੱਤੀ ਜਿਸ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਫੈਸਲਾ ਕੀਤਾ ਕਿ ਏ.ਐੱਸ.ਆਈ. ਨੂੰ ਰੰਗੇ ਹੱਥੀਂ ਫੜਿਆ ਜਾਵੇ ਕਿਉਂਕਿ ਜੇਕਰ ਉਹ ਪੁਲਸ ਨੂੰ ਸ਼ਿਕਾਇਤ ਦੇਣਗੇ ਤਾਂ ਉਸ ਦੀ ਕੋਈ ਸੁਣਵਾਈ ਨਹੀਂ ਹੋਵੇਗੀ।
ਇਸ ਤੋਂ ਬਾਅਦ ਏ.ਐੱਸ.ਆਈ. ਨੇ ਮੰਗਲਵਾਰ ਦੀ ਰਾਤ ਨੂੰ ਮਹਿਲਾ ਨੂੰ ਫੋਨ ਕਰ ਕੇ ਉਸ ਦੇ ਘਰ ਆਉਣ ਦੀ ਗੱਲ ਕੀਤੀ, ਜਿਸ ਤੋਂ ਬਾਅਦ ਮੰਗਲਵਾਰ ਰਾਤ ਤਕਰੀਬਨ ਸਾਢੇ 10 ਵਜੇ ਏ.ਐੱਸ.ਆਈ. ਮਹਿਲਾ ਦੇ ਘਰ ਪਹੁੰਚ ਗਿਆ, ਜਿੱਥੇ ਉਹ ਉਸ ਦੇ ਨਾਲ ਜਬਰ ਜਨਾਹ ਕਰਨ ਲੱਗਾ। ਪਰ ਪਹਿਲਾਂ ਹੀ ਟ੍ਰੈਪ ਲਗਾ ਕੇ ਬੈਠੇ ਮਹਿਲਾ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਦੇ ਲੋਕਾਂ ਨੇ ਏ.ਐੱਸ.ਆਈ. ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ।
ਪਿੰਡ ਦੇ ਲੋਕਾਂ ਨਾਲ ਪੀੜਤ ਮਹਿਲਾ ਨੇ ਇਸ ਦੀ ਸੂਚਨਾ ਨਥਾਨਾ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਏ.ਐੱਸ.ਆਈ. ਹਰਬੰਸ ਸਿੰਘ ਦੀ ਅਗਵਾਈ ਵਿਚ ਟੀਮ ਨੇ ਏ.ਐੱਸ.ਆਈ. ਸੁਖਵਿੰਦਰ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ। ਉਥੇ ਹੀ ਇਸ ਘਟਨਾ ਪਿੱਛੋਂ ਮਹਿਲਾ ਸਿਵਲ ਹਸਪਤਾਲ ਵਿਚ ਦਾਖਲ ਹੋ ਗਈ। ਇਸ ਮਾਮਲੇ ਵਿਚ ਐੱਸ.ਐੱਸ.ਪੀ. ਭੁਪਿੰਦਰਜੀਤ ਸਿੰਘ ਵਿਰਕ ਦਾ ਕਹਿਣਾ ਹੈ ਕਿ ਮੁਲਜ਼ਮ ਪੁਲਸ ਮੁਲਾਜ਼ਮ ‘ਤੇ ਮਾਮਲਾ ਦਰਜ ਕਰ ਲਿਆ ਹੈ, ਜਿਸ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੀ ਸਿਫਾਰਿਸ਼ ਵਿਭਾਗ ਨੂੰ ਭੇਜੀ ਜਾ ਰਹੀ ਹੈ।