ਫਿਰੋਜ਼ਪੁਰ : ਆਲਟੋ ਕਾਰ ਤੇ ਸਕੂਲੀ ਵੈਨ ਵਿਚਾਲੇ ਭਿਆਨਕ ਟੱਕਰ ਕਾਰਨ ਵੈਨ ਦੇ ਡਰਾਈਵਰ ਦੀ ਮੌਤ ਹੋ ਗਈ। ਵੈਨ ਡਰਾਈਵਰ ਦੀ ਪਛਾਣ ਵਰਿੰਦਰ ਸਿੰਘ ਵਜੋਂ ਹੋਈ ਹੈ। ਇਹ ਹਾਦਸਾ ਅੱਜ ਸਵੇਰੇ ਗੁਰੂ ਹਰਸਹਾਏ ਦੇ ਪਿੰਡ ਮੋਹਨ ਕੇ ਉਤਾੜ ਵਿਖੇ ਵਾਪਰਿਆ।
ਜਾਣਕਾਰੀ ਮੁਤਾਬਕ ਸਕੂਲੀ ਵੈਨ ਦਾ ਡਰਾਈਵਰ ਸਕੂਲੀ ਬੱਚਿਆਂ ਨੂੰ ਸਕੂਲ ਛੱਡ ਕੇ ਵਾਪਸ ਆਪਣੇ ਘਰ ਨੂੰ ਜਾ ਰਿਹਾ ਸੀ ਤੇ ਜਦ ਉਹ ਆਪਣੀ ਸਕੂਲੀ ਵੈਨ ਲੈ ਕੇ ਮੋਹਨ ਕੇ ਉਤਾੜ ਵਿਖੇ ਪਹੁੰਚਿਆ ਤਾਂ ਦੂਜੀ ਸਾਈਡ ਤੋਂ ਅੱਗਿਓਂ ਆ ਰਹੀ ਆਲਟੋ ਕਾਰ ਜਿਸ ਨੂੰ ਇਕ ਮਹਿਲਾ ਵੱਲੋਂ ਚਲਾਇਆ ਜਾ ਰਿਹਾ ਸੀ ਤੇ ਉਸ ਕਾਰ ਦੀ ਸਪੀਡ ਤੇਜ਼ ਹੋਣ ਦੇ ਚੱਲਦਿਆਂ ਕਾਰ ਬੇਕਾਬੂ ਹੋ ਗਈ ਅਤੇ ਕਾਰ ਡਿਵਾਈਡਰ ਨੂੰ ਟਕਰਾ ਕਰਕੇ ਦੂਜੇ ਪਾਸਿਓਂ ਆ ਰਹੀ ਸਕੂਲੀ ਵੈਨ ਵਿਚ ਜਾ ਵੱਜੀ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਵਾਹਨਾਂ ਦੇ ਪਰਖੱਚੇ ਉੱਡ ਗਏ। ਉਧਰ, ਆਲਟੋ ਕਾਰ ਸਵਾਰਾਂ ਨੂੰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਆਲਟੋ ਕਾਰ ਸਵਾਰ ਔਰਤ ਜੋ ਇਕ ਅਧਿਆਪਕਾ ਹੈ ਅਤੇ ਉਹ ਡਰਾਈਵਿੰਗ ਸਿਖ ਰਹੀ ਸੀ ਤੇ ਨਾਲ ਬੈਠੇ ਵਿਅਕਤੀ ਵੱਲੋਂ ਉਸ ਨੂੰ ਕਾਰ ਚਲਾਉਣਾ ਸਿਖਾਇਆ ਜਾ ਰਿਹਾ ਸੀ।
ਮਹਿਲਾ ਸਿਖ ਰਹੀ ਸੀ ਡਰਾਈਵਿੰਗ, ਵਾਪਰ ਗਿਆ ਭਾਣਾ
ਸੂਤਰਾਂ ਮੁਤਾਬਕ ਉਕਤ ਮਹਿਲਾ ਕਾਰ ਡਰਾਈਵਿੰਗ ਸਿਖ ਰਹੀ ਸੀ। ਉਸ ਦਾ ਪਤੀ ਹੀ ਉਸ ਨੂੰ ਡਰਾਈਵਿੰਗ ਸਿਖਾ ਰਿਹਾ ਸੀ। ਇਸ ਦੌਰਾਨ ਕਾਰ ਬੇਕਾਬੂ ਹੋ ਗਈ ਤੇ ਤੇਜ਼ ਰਫ਼ਤਾਰ ਹੋਣ ਕਾਰਨ ਡਿਵਾਈਡਰ ਵਿਚ ਵੱਜਣ ਮਗਰੋਂ ਵੈਨ ਵਿਚ ਜਾ ਵੱਜੀ। ਉਧਰ, ਮ੍ਰਿਤਕ ਦੇ ਪਰਿਵਾਰ ਵੱਲੋਂ ਮਹਿਲਾ ਕਾਰ ਚਾਲਕ ਖਿ਼ਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।