ਜਲੰਧਰ (ਇੰਟ.)- ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਵੀ ਸਰੀਰ ਵਿਚ ਆਕਸੀਜਨ ਲੈਵਲ ਘੱਟ ਹੋਵੇ ਤਾਂ ਮਰੀਜ਼ ਹਸਪਤਾਲ ਵਿਚ ਦਾਖਲ ਰਹਿ ਸਕੇਗਾ। ਉਥੇ ਹੀ ਉਨ੍ਹਾਂ ਨੂੰ ਆਕਸੀਜਨ ਵੀ ਦਿੱਤਾ ਜਾਵੇਗਾ। ਇਸ ਦੇ ਲਈ ਸਿਵਲ ਹਸਪਤਾਲ ਕੰਪਲੈਕਸ ਵਿਚ 30 ਬੈੱਡ ਦਾ ਕੋਵਿਡ ਰਿਕਵਰੀ ਵਾਰਡ ਬਣਾਇਆ ਗਿਆ ਹੈ। ਬੁੱਧਵਾਰ ਨੂੰ ਡੀ.ਸੀ. ਘਨਸ਼ਿਆਮ ਥੋਰੀ ਨੇ ਇਸ ਵਾਰਡ ਦਾ ਜਾਇਜ਼ਾ ਲਿਆ। ਸਿਹਤ ਵਿਭਾਗ ਨੂੰ ਤੁਰੰਤ ਇਥੇ ਆਕਸੀਜਨ ਕੰਸਟ੍ਰੇਟਰ ਲਗਾਉਣ ਨੂੰ ਕਿਹਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ 30 ਆਕਸੀਜਨ ਕੰਸਟ੍ਰੇਟਰ ਉਨ੍ਹਾਂ ਨੂੰ ਗੈਰ ਸਰਕਾਰੀ ਸੰਗਠਨ ਤੋਂ ਮਿਲ ਚੁੱਕੇ ਹਨ ਅਤੇ ਇਕ ਸਪੋਰਟਸ ਕੰਪਨੀ 13 ਹੋਰ ਦੇ ਰਹੀ ਹੈ। ਉਸ ਨਾਲ ਰਿਕਵਰੀ ਵਾਰਡ ਵਿਚ ਸਹੀ ਢੰਗ ਨਾਲ ਆਕਸੀਜਨ ਦੀ ਵਿਵਸਥਾ ਹੋ ਜਾਵੇਗੀ।
ਅਜੇ ਮਰੀਜ਼ ਦੇ ਕੋਰੋਨਾ ਨੈਗੇਟਿਵ ਹੋਣ ਤੋਂ ਬਾਅਦ ਉਸ ਨੂੰ ਘਰ ਭੇਜ ਦਿੱਤਾ ਜਾਂਦਾ ਹੈ। ਅਜਿਹੇ ਵਿਚ ਅੱਗੇ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਨਹੀਂ ਹੋ ਪਾਉਂਦੀ। ਜੇਕਰ ਉਹ ਆਕਸੀਜਨ ਲੈਵਲ ਦੀ ਵਜ੍ਹਾ ਨਾਲ ਇਸ ਰਿਕਵਰੀ ਵਾਰਡ ਵਿਚ ਦਾਖਲ ਰਹਿਣਗੇ ਤਾਂ ਡਾਕਟਰ ਲਗਾਤਾਰ ਉਨ੍ਹਾਂ ਦੀ ਸਿਹਤ ਦੀ ਦੇਖਭਾਲ ਕਰਨਗੇ।
ਹਸਪਤਾਲ ਤੋਂ ਛੁੱਟੀ ਹੋਣ ‘ਤੇ ਘਰ ਪਰਤਣ ਤੋਂ ਬਾਅਦ ਵੀ ਕਿਸੇ ਦਾ ਆਕਸੀਜਨ ਲੈਵਲ ਘੱਟ ਰਹਿੰਦਾ ਹੈ ਤਾਂ ਆਕਸੀਜਨ ਸਿਲੰਡਰ ਦੀ ਲੋੜ ਪੈਂਦੀ ਹੈ। ਫਿਲਹਾਲ ਪ੍ਰਸ਼ਾਸਨ ਨੇ ਇਸ ਦੀ ਪ੍ਰਾਈਵੇਟ ਵਿਕਰੀ ‘ਤੇ ਰੋਕ ਲਗਾ ਦਿੱਤੀ ਹੈ। ਅਜਿਹੇ ਵਿਚ ਉਨ੍ਹਾਂ ਨੂੰ ਸਿਲੰਡਰ ਨਾ ਮਿਲਣ ਕਾਰਣ ਪ੍ਰੇਸ਼ਾਨੀ ਹੁੰਦੀ ਸੀ। ਹੁਣ ਉਨ੍ਹਾਂ ਨੂੰ ਬਾਹਰ ਤੋਂ ਲੈਣ ਦੀ ਬਜਾਏ ਹਸਪਤਾਲ ਵਿਚ ਹੀ ਇਹ ਸਹੂਲਤ ਮਿਲੇਗੀ।
ਡੀ.ਸੀ. ਘਨਸ਼ਿਆਮ ਥੋਰੀ ਨੇ ਕਿਹਾ ਕਿ ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਘੱਟ ਆਕਸੀਜਨ ਲੈਵਲ ਵਾਲੇ ਮਰੀਜ਼ਾਂ ਦੀ ਇਥੇ ਦੇਖਭਾਲ ਕੀਤੀ ਜਾਵੇਗੀ। ਉਨ੍ਹਾਂ ਨੂੰ ਉਦੋਂ ਛੁੱਟੀ ਦਿੱਤੀ ਜਾਵੇਗੀ, ਜਦੋਂ ਉਹ ਪੂਰੀ ਤਰ੍ਹਾਂ ਨਾਲ ਠੀਕ ਹੋ ਜਾਣਗੇ। ਇਸ ਨਾਲ ਉਨ੍ਹਾਂ ਨੂੰ ਆਕਸੀਜਨ ਸਿਲੰਡਰ ਦੀ ਆਮ ਵਿਕਰੀ ‘ਤੇ ਲੱਗੀ ਰੋਕ ਤੋਂ ਵੀ ਪ੍ਰੇਸ਼ਾਨੀ ਨਹੀਂ ਹੋਵੇਗੀ।