ਨਵੀਂ ਦਿੱਲੀ (ਇੰਟ.)- ਭਾਰਤੀ ਸਪਿਨਰ ਯੁਜਵੇਂਦਰ ਚਹਿਲ ਦੇ ਮਾਤਾ ਅਤੇ ਪਿਤਾ ਕੋਰੋਨਾ ਇਨਫੈਕਟਿਡ ਪਾਏ ਗਏ ਹਨ। ਚਹਿਲ ਦੀ ਪਤਨੀ ਧਨਸ਼੍ਰੀ ਨੇ ਸੋਸ਼ਲ ਮੀਡੀਆ ‘ਤੇ ਇਸ ਦੀ ਜਾਣਕਾਰੀ ਦਿੱਤੀ। ਚਹਿਲ ਦੇ ਪਿਤਾ ਦੀ ਹਾਲਤ ਜ਼ਿਆਦਾ ਖਰਾਬ ਹੈ। ਧਨਸ਼੍ਰੀ ਨੇ ਕਿਹਾ ਕਿ ਪਾਪਾ ਵਿਚ ਗੰਭੀਰ ਲੱਛਣ ਦਿਖਣ ਤੋਂ ਬਾਅਦ, ਉਨ੍ਹਾਂ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਦੋਂ ਕਿ ਮਾਂ ਘਰ ਵਿਚ ਹੀ ਆਈਸੋਲੇਟ ਹਨ। ਉਨ੍ਹਾਂ ਦਾ ਘਰ ‘ਵਿਚ ਹੀ ਇਲਾਜ ਚੱਲ ਰਿਹਾ ਹੈ।
ਇਸ ਦੇ ਨਾਲ ਹੀ ਧਨਸ਼੍ਰੀ ਨੇ ਲੋਕਾਂ ਨੂੰ ਘਰ ‘ਚ ਹੀ ਰਹਿਣ ਦੀ ਅਪੀਲ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਮੈਂ ਅਜੇ ਹਸਪਤਾਲ ਤੋਂ ਆ ਰਹੀ ਹਾਂ। ਉਥੋਂ ਦੀ ਸਥਿਤੀ ਬਹੁਤ ਖਰਾਬ ਹੈ। ਮੈਂ ਫਿਲਹਾਲ ਪੂਰੀ ਸਾਵਧਾਨੀ ਵਰਤ ਰਹੀ ਹਾਂ। ਸਾਰੇ ਫੈਂਸ ਨੂੰ ਰਿਕਵੈਸਟ ਹੈ ਕਿ ਪਲੀਜ਼ ਘਰ ਵਿਚ ਰਹਿਣ ਅਤੇ ਸੁਰੱਖਿਅਤ ਰਹਿਣ। ਆਪਣੇ ਪਰਿਵਾਰ ਵਾਲਿਆਂ ਦਾ ਵੀ ਪੂਰਾ ਧਿਆਨ ਰੱਖਣ।
ਇਸ ਤੋਂ ਪਹਿਲਾਂ ਧਨਸ਼੍ਰੀ ਦੀ ਮਾਂ ਅਤੇ ਭਰਾ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਉਨ੍ਹਾਂ ਨੇ ਇਸ ਦਾ ਐਕਸਪੀਰੀਅਂਸ ਸ਼ੇਅਰ ਕਰਦੇ ਹੋਏ ਲਿਖਿਆ ਕਿ ਜਦੋਂ ਮੇਰੀ ਮਾਂ ਅਤੇ ਭਰਾ ਇਨਫੈਕਟਿਡ ਹੋਏ ਸਨ, ਉਦੋਂ ਮੈਂ ਆਈ.ਪੀ.ਐੱਲ. ਲਈ ਬਾਇਓ-ਬਬਲ ਵਿਚ ਸੀ। ਮੈਂ ਉਸ ਵੇਲੇ ਅਸਹਿਜ ਮਹਿਸੂਸ ਕੀਤਾ ਸੀ ਪਰ ਮੈਂ ਉਨ੍ਹਾਂ ਨੂੰ ਸਮੇਂ-ਸਮੇਂ ‘ਤੇ ਖੁਦ ਤੋਂ ਮਾਨੀਟਰ ਕੀਤਾ ਸੀ। ਘਰ ਅਤੇ ਪਰਿਵਾਰ ਤੋਂ ਉਸ ਵੇਲੇ ਦੂਰ ਰਹਿਣਾ ਕਾਫੀ ਮੁਸ਼ਕਲ ਸੀ। ਸ਼ੁਕਰ ਹੈ ਕਿ ਉਹ ਹੁਣ ਠੀਕ ਹੋ ਚੁੱਕੇ ਹਨ। ਧਨਸ਼੍ਰੀ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਅੰਕਲ ਅਤੇ ਆਂਟੀ ਦਾ ਕੋਰੋਨਾ ਕਾਰਣ ਹੀ ਦੇਹਾਂਤ ਹੋਇਆ ਸੀ।
ਕਈ ਖਿਡਾਰੀਆਂ ਨੇ ਆਪਣਿਆਂ ਨੂੰ ਗੁਆਇਆ
ਕੋਰੋਨਾ ਦੀ ਦੂਜੀ ਲਹਿਰ ਨੇ ਦੇਸ਼ ਅਤੇ ਦੁਨੀਆ ਵਿਚ ਹਾਹਾਕਾਰ ਮਚਾ ਦਿੱਤਾ ਹੈ। ਖੇਡ ਜਗਤ ਵੀ ਇਸ ਤੋਂ ਬਚਿਆ ਨਹੀਂ। ਖਿਡਾਰੀਆਂ ਦੇ ਪਰਿਵਾਰ ‘ਤੇ ਵੀ ਕੋਰੋਨਾ ਕਾਲ ਬਣ ਕੇ ਟੁੱਟਿਆ ਹੈ। ਹੁਣ ਤੱਕ ਕਈ ਖਿਡਾਰੀ ਆਪਣੇ ਪਰਿਵਾਰ ਅਤੇ ਕਰੀਬੀਆਂ ਨੂੰ ਗੁਆ ਚੁੱਕੇ ਹਨ। ਪਿਛਲੇ ਇਕ ਮਹੀਨੇ ਵਿਚ ਆਰ.ਪੀ. ਸਿੰਘ, ਪਿਊਸ਼ ਚਾਵਲਾ ਅਤੇ ਚੇਤਨ ਸਕਾਰੀਆ ਨੇ ਆਪਣੇ ਪਿਤਾ ਨੂੰ ਗੁਆਇਆ। ਉਥੇ ਹੀ ਓਲੰਪਿਕ ਗੋਲਡ ਮੈਡਲਿਸਟ ਐੱਮ.ਕੇ. ਕੌਸ਼ਿਕ ਵੀ ਨਹੀਂ ਰਹੇ।