ਅੰਮ੍ਰਿਤਸਰ : ਬੀਤੇ ਦਿਨ ਅੰਮ੍ਰਿਤਸਰ ਦੇ ਪਿੰਡ ਬਾਬਾ ਬਕਾਲਾ ਦੇ ਅਧੀਨ ਪੈਂਦੇ ਪਿੰਡ ਸਠਿਆਲਾ ਇਲਾਕੇ ਵਿੱਚ ਗੈਂਗਸਟਰ ਜਰਨੈਲ ਸਿੰਘ (Gangster Jarnail Singh) ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਹੁਣ ਤਾਜਾ ਅਪਡੇਟ ਸਾਹਮਣੇ ਆਇਆ ਹੈ। ਜਰਨੈਲ ਸਿੰਘ ਦੇ ਕਤਲ ਦੀ ਜਿੰਮੇਦਾਰੀ ਦਵਿੰਦਰ ਬੰਬੀਹਾ ਗਰੁੱਪ ਨੇ ਲਈ ਹੈ। ਇਸ ਬਾਰੇ ਬੰਬੀਹਾ ਗੁਰੱਪ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵੀ ਸ਼ੇਅਰ ਕੀਤੀ ਹੈ।
ਦਵਿੰਦਰ ਬੰਬੀਹਾ ਨਾਂ ਦੇ ਸੋਸ਼ਲ ਮੀਡੀਆ ਅਕਾਉਂਟ ਤੋਂ ਸ਼ੇਅਰ ਕੀਤੀ ਗਈ ਇਸ ਪੋਸਟ ਵਿੱਚ ਲਿਖਿਆ ਗਿਆ ਹੈ, “ਸਠਿਆਲਾ ‘ਚ ਕੱਲ੍ਹ ਜੋ ਕਤਲ ਹੋਇਆ ਹੈ, ਉਹ ਗੋਪੀ ਮਾਹਲ ਅਤੇ ਡੋਨੀ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਕੁਝ ਨਿਊਜ਼ ਚੈਨਲ ਇਹ ਖ਼ਬਰ ਦਿਖਾ ਰਹੇ ਨੇ ਕਿ ਜਰਨੈਲ ਸਿੰਘ ਦਾ ਸਬੰਧ ਸਾਡੇ ਭਰਾ ਗੋਪੀ ਘਨਸ਼ਿਆਮਪੁਰੀਆ ਗੈਂਗ ਨਾਲ ਸੀ, ਜੋ ਕਿ ਪੂਰੀ ਤਰ੍ਹਾਂ ਨਾਲ ਗਲਤ ਹੈ। ਇਸ ਦਾ ਸਾਡੇ ਗੈਂਗ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਇਸ ਦਾ ਸਬੰਧ ਸਾਡੇ ਵਿਰੋਧੀਆਂ ਨਾਲ ਹੈ।”
ਦੱਸ ਦੇਈਏ ਕਿ ਬੀਤੇ ਦਿਨ ਜਰਨੈਲ ਨੂੰ ਅੰਨ੍ਹਵਾਹ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਾਣਕਾਰੀ ਅਨੁਸਾਰ ਹਮਲਾਵਰਾਂ ਵੱਲੋਂ 15 ਮਿੰਟਾਂ ਵਿੱਚ ਕਰੀਬ 20-25 ਰਾਉਂਡ ਫਾਇਰਿੰਗ ਕੀਤੀ ਗਈ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ 4 ਹਮਲਾਵਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।