Chandigarh News: ਚੰਡੀਗੜ੍ਹ ਤੋਂ ਦਿੱਲੀ ਜਾ ਰਹੀ ਹਰਿਆਣਾ ਰੋਡਵੇਜ਼ ਦੀ ਬੱਸ ਚੰਡੀਗੜ੍ਹ ਬੈਰੀਅਰ ’ਤੇ ਨਵੇਂ ਬਣੇ ਫਲਾਈਓਵਰ ਨੇੜੇ ਪਲਟ ਗਈ। ਐਕਟਿਵਾ ਸਵਾਰ ਨੂੰ ਬਚਾਉਣ ਲਈ ਬੱਸ ਡਿਵਾਈਡਰ ਨਾਲ ਟਕਰਾ ਕੇ ਸੜਕ ਦੇ ਵਿਚਕਾਰ ਪਲਟ ਗਈ। ਲੋਕਾਂ ਨੇ ਦੱਸਿਆ ਕਿ ਐਕਟਿਵਾ ਸਵਾਰ ਗਲਤ ਸਾਈਡ ਤੋਂ ਆ ਰਿਹਾ ਸੀ। ਬੱਸ ਵਿੱਚ ਕੁੱਲ 15 ਸਵਾਰੀਆਂ ਸਨ, ਜਿਨ੍ਹਾਂ ਵਿੱਚੋਂ 4-5 ਨੂੰ ਮਾਮੂਲੀ ਸੱਟਾਂ ਲੱਗੀਆਂ। ਖੁਸ਼ਕਿਸਮਤੀ ਨਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਬੱਸ ਪਲਟਣ ਤੋਂ ਬਾਅਦ ਪਿਛਲੇ ਸ਼ੀਸ਼ੇ ਨੂੰ ਤੋੜ ਕੇ ਸਵਾਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ ਕੁਝ ਆਪਣੇ ਆਪ ਹੀ ਬਾਹਰ ਆ ਗਏ। ਘਟਨਾ ਤੋਂ ਬਾਅਦ ਚੰਡੀਗੜ੍ਹ ਵੱਲ ਲੰਮਾ ਜਾਮ ਲੱਗ ਗਿਆ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਜ਼ੀਰਕਪੁਰ ਪੁਲੀਸ ਨੇ ਸਥਿਤੀ ’ਤੇ ਕਾਬੂ ਪਾਇਆ ਅਤੇ ਬੱਸ ਨੂੰ ਸਿੱਧੀ ਕਰਨ ਲਈ ਕਰੇਨ ਬੁਲਾ ਕੇ ਫਲਾਈਓਵਰ ਦੇ ਹੇਠਾਂ ਤੋਂ ਸਰਵਿਸ ਰੋਡ ਵੱਲ ਆਵਾਜਾਈ ਮੋੜ ਦਿੱਤੀ। ਡਿਵਾਈਡਰ ਨਾਲ ਟਕਰਾਉਣ ਕਾਰਨ ਬੱਸ ਦੀ ਰਫ਼ਤਾਰ ਘੱਟ ਗਈ, ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਜ਼ੀਰਕਪੁਰ ਦੇ ਸਿੰਘਪੁਰਾ ਮੋੜ ‘ਤੇ ਫਲਾਈਓਵਰ ਦਾ ਕੰਮ ਚੱਲ ਰਿਹਾ ਹੈ। ਕੰਮ ਬਹੁਤ ਮੱਠੀ ਰਫ਼ਤਾਰ ਨਾਲ ਚੱਲ ਰਿਹਾ ਹੈ। ਜਿਸ ਕਾਰਨ ਸੜਕਾਂ ਦੀ ਹਾਲਤ ਖਸਤਾ ਹੈ। ਇੰਨਾ ਹੀ ਨਹੀਂ ਬਰਸਾਤ ਦੇ ਮੌਸਮ ‘ਚ ਸਥਿਤੀ ਹੋਰ ਵਿਗੜ ਜਾਂਦੀ ਹੈ। ਫਲਾਈਓਵਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਪਰ ਆਰਜ਼ੀ ਤੌਰ ‘ਤੇ ਸੜਕਾਂ ਦੀ ਮੁਰੰਮਤ ਅਤੇ ਆਵਾਜਾਈ ਦੇ ਹਿਸਾਬ ਨਾਲ ਤਿਆਰ ਨਹੀਂ ਕੀਤਾ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਆਉਣ-ਜਾਣ ਵਿੱਚ ਦਿੱਕਤ ਆ ਰਹੀ ਹੈ।