ਜਲਾਲਾਬਾਦ(ਅਰਵਿੰਦਰ ਤਨੇਜਾ): ਜਲਾਲਾਬਾਦ ਦੇ ਦੋ ਵੱਖ ਵੱਖ ਪਿੰਡਾਂ ਦੇ ਵਿਚ ਤੜਕਸਾਰ ਪੁਲਿਸ ਦੀ ਰੇਡ ਨੂੰ ਭਾਰੀ ਸਫ਼ਲਤਾ ਮਿਲਣ ਦੀ ਖਬਰ ਮਿਲੀ ਹੈ। ਇਸ ਰੇਡ ਦੌਰਾਨ ਪੁਲਿਸ 5 ਮੋਟਰਸਾਈਕਲ ਬਿਨਾਂ ਨੰਬਰੀ 1 ਭਗੌੜਾ ਮੁਲਜ਼ਮ,14500 ਰੁਪਏ ਜੂਏ ਦੇ, 3 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। ਇਸ ਦੇ ਨਾਲ 5 ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਰੇਡ ਦੌਰਾਨ ਪਿੰਡ ਮਹਾਲਮ ਵਿੱਚੋਂ 20 ਹਜ਼ਾਰ ਲਿਟਰ ਲਾਹਣ ਨਸ਼ਟ ਕੀਤੀ ਗਈ। ਇਸ ਤੋਂ ਇਲਾਵਾ ਸ਼ਰਾਬ ਕੱਢਣ ਵਾਲੇ ਡਰੰਮ ਭੱਠੀਆਂ ਦਾ ਸਾਮਾਨ ਅਤੇ 100 ਬੋਤਲ ਦੇਸੀ ਨਾਜਾਇਜ਼ ਸ਼ਰਾਬ ਬਰਾਮਦ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਕ ਅੱਜ ਜ਼ਿਲ੍ਹਾ ਫਾਜ਼ਿਲਕਾ ਦੀ ਪੁਲਸ ਵੱਲੋਂ ਜਲਾਲਾਬਾਦ ਦੇ ਨਸ਼ਿਆਂ ਲਈ ਬਦਨਾਮ ਪਿੰਡਾਂ ਵਜੋਂ ਜਾਣੇ ਜਾਂਦੇ ਮਹਾਲਮ ਅਤੇ ਟਿਵਾਣਾ ਕਲਾਂ ਦੇ ਵਿਚ ਤੜਕਸਾਰ ਰੇਡ ਕੀਤੀ ਗਈ ਜਿਸ ਦੌਰਾਨ ਪਿੰਡ ਮਹਾਲਮ ਵਿੱਚੋਂ ਪੁਲਸ ਨੂੰ 20000 ਲਿਟਰ ਦੇ ਕਰੀਬ ਨਾਜਾਇਜ਼ ਲਾਹਣ ਸ਼ਰਾਬ ਬਣਾਉਣ ਲਈ ਵਰਤੇ ਜਾਂਦੇ ਡਰੰਮ ਅਤੇ 100 ਬੋਤਲ ਨਾਜਾਇਜ਼ ਸ਼ਰਾਬ ਬਰਾਮਦ ਹੋਈਜਦ ਕਿ ਪਿੰਡ ਟਿਵਾਨਾ ਕਲਾਂ ਵਿਚ ਪੁਲਿਸ ਨੇ 45 ਘਰਾਂ ਵਿੱਚ ਸਰਚ ਕੀਤਾ ਹੈ।
ਡੀ ਐੱਸ ਪੀ ਐੱਚ ਜੀ ਐੱਸ ਸੰਧੂ ਨੇ ਦੱਸਿਆ ਕਿ ਡੀਆਈਜੀ ਫ਼ਿਰੋਜ਼ਪੁਰ ਅਤੇ ਐਸਐਸਪੀ ਫਾਜ਼ਿਲਕਾ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਅੱਜ ਇਹ ਰੇਡ ਕੀਤੀ ਗਈ ਹੈ ਅਤੇ ਅੱਗੇ ਵੀ ਇਹ ਕਾਰਵਾਈ ਜਾਰੀ ਰਹੇਗੀ।