ਪਟਿਆਲਾ : ਪੰਜਾਬ ਵਿੱਚ ਪ੍ਰੀਪੇਡ ਮੀਟਰਾਂ ਨੂੰ ਲੈ ਕੇ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਪਿਛਲੇ ਸਮੇਂ ਵਿੱਚ ਪ੍ਰੀਪੇਡ ਮੀਟਰਾਂ ਨੂੰ ਲੈ ਕੇ ਬਹੁਤ ਮੀਡੀਆ ਰਿਪੋਰਟਸ ਸਾਹਮਣੇ ਆਈਆ ਸਨ ਪਰ ਹੁਣ ਪਾਵਰ ਇੰਜੀਨੀਅਰਾਂ ਨੇ ਵੱਡਾ ਖੁਲਾਸਾ ਕੀਤਾ ਹੈ ਜਿਸ ਨੂੰ ਲੈ ਕੇੇ ਸਰਕਾਰ ਚਿੰਤਤ ਹੋ ਸਕਦੀ ਹੈ।
ਪ੍ਰੀਪੇਡ ਮੀਟਰ ਬਿਜਲੀ ਖੇਤਰ ਲਈ ਨੁਕਸਾਨਦੇਹ
ਪਾਵਰ ਇੰਜੀਨੀਅਰਾਂ ਨੇ ਪ੍ਰੀਪੇਡ ਮੀਟਰ ਪ੍ਰਾਜੈਕਟ ਨੂੰ ਬਿਜਲੀ ਖੇਤਰ ਲਈ ਨੁਕਸਾਨਦੇਹ ਕਰਾਰ ਦਿੱਤਾ ਹੈ। ਇੰਜੀਨੀਅਰਾਂ ਅਨੁਸਾਰ ਆਰਡੀਐੱਸਐੱਸ ਸਕੀਮ ਤਹਿਤ ਇਸ ਪ੍ਰਾਜੈਕਟ ਲਈ ਲਾਈਆਂ ਜਾ ਰਹੀਆਂ ਸ਼ਰਤਾਂ ਬਿਜਲੀ ਖੇਤਰ ਦੇ ਹਿੱਤ ’ਚ ਨਹੀਂ ਹੈ। ਪੀਐੱਸਈਬੀ ਇੰਜੀਨੀਅਰਜ਼ ਐਸੋਸੀਏਸ਼ਨ ਨੇ ਬਿਜਲੀ ਮੰਤਰੀ ਨੂੰ ਪੱਤਰ ਭੇਜ ਕੇ ਚਿਤਾਵਨੀ ਦਿੱਤੀ ਹੈ ਕਿ ਸਮਾਰਟ ਮੀਟਰਿੰਗ ਪ੍ਰਾਜੈਕਟ ਲਈ ਸ਼ਰਤਾਂ ਬਹੁਤ ਪੱਖਪਾਤੀ ਤੇ ਰਾਜ ਸੱਤਾ ਦੇ ਹਿੱਤਾਂ ਦੇ ਵਿਰੁੱਧ ਹਨ।
ਸਮਾਰਟ ਪ੍ਰੀਪੇਡ ਮੀਟਰ ਲਗਾਉਣ ਦੇੇ ਹੱਕ ਵਿੱਚ ਨਹੀਂ ਇੰਜੀਨੀਅਰ
ਐਸੋਸੀਏਸ਼ਨ ਅਨੁਸਾਰ ਸਮਾਰਟ ਪ੍ਰੀਪੇਡ ਮੀਟਰਿੰਗ ਲਈ ਐਡਵਾਂਸਡ ਮੀਟਰਿੰਗ ਇਨਫਰਾ ਸਟ੍ਰਕਚਰ ਸਰਵਿਸ ਪ੍ਰੋਵਾਈਡਰ ਦੀ ਨਿਯੁਕਤੀ ਲਈ ਬਿਜਲੀ ਮੰਤਰਾਲੇ ਵਲੋਂ ਜਾਰੀ ਸਟੈਂਡਰਡ ਬਿਡਿੰਗ ਦਸਤਾਵੇਜ਼ ਤੋਂ ਪਤਾ ਲੱਗਦਾ ਹੈ ਸਕੀਮ ਦੀਆਂ ਸ਼ਰਤਾਂ ਅਨੁਸਾਰ ਆਧੁਨਿਕ ਮੀਟਰਾਂ ਲਈ ਨਿੱਜੀ ਕੰਪਨੀ ਨੂੰ ਦਿੱਤੇ ਗਏ ਖੇਤਰ ’ਚ ਪੀਐੱਸਪੀਸੀਐੱਲ ਨੂੰ ਕੰਪਨੀ ਦੀ ਇਜਾਜ਼ਤ ਤੋਂ ਬਿਨਾਂ ਕੰਮ ਨਹੀਂ ਕਰ ਸਕੇਗਾ।