Passport with chip: ਭਾਰਤ ਸਰਕਾਰ ਵੱਲੋਂ ਪਾਸਪੋਰਟ ਨੂੰ ਈ-ਪਾਸਪੋਰਟ ਵਿੱਚ ਬਦਲਿਆ ਜਾ ਰਿਹਾ ਹੈ। ਪਾਸਪੋਰਟ ‘ਚ ਤੁਹਾਡਾ ਸਟੋਰ ਕੀਤਾ ਡਾਟਾ ਜ਼ਿਆਦਾ ਸੁਰੱਖਿਅਤ ਹੋ ਜਾਵੇਗਾ। ਹੁਣ ਇਹ ਈ-ਪਾਸਪੋਰਟ ਕੀ ਹੈ? ਇਹ ਤੁਹਾਡੇ ਮੌਜੂਦਾ ਪਾਸਪੋਰਟ ਤੋਂ ਕਿਵੇਂ ਵੱਖਰਾ ਹੈ? ਅਤੇ ਇਹ ਕਿਵੇਂ ਕੰਮ ਕਰੇਗਾ।
ਈ-ਪਾਸਪੋਰਟ ਕੀ ਹੈ?
ਈ-ਪਾਸਪੋਰਟ ਇੱਕ ਆਮ ਹਾਰਡ ਕਾਪੀ ਪਾਸਪੋਰਟ ਵਾਂਗ ਕੰਮ ਕਰੇਗਾ ਪਰ ਵੱਖਰੀ ਗੱਲ ਇਹ ਹੋਵੇਗੀ ਕਿ ਇਸ ਵਿੱਚ ਇੱਕ ਛੋਟੀ ਇਲੈਕਟ੍ਰਾਨਿਕ ਚਿੱਪ ਮੌਜੂਦ ਹੋਵੇਗੀ। ਪਾਸਪੋਰਟ ‘ਚ ਮੌਜੂਦ ਚਿਪ ‘ਚ ਤੁਹਾਡਾ ਸਾਰਾ ਜ਼ਰੂਰੀ ਡਾਟਾ ਮੌਜੂਦ ਹੋਵੇਗਾ। ਇਸ ਵਿੱਚ ਤੁਹਾਡਾ ਨਾਮ, ਜਨਮ ਮਿਤੀ, ਘਰ ਦਾ ਪਤਾ ਆਦਿ। ਈ-ਪਾਸਪੋਰਟ ਵਿੱਚ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ (RFID) ਚਿੱਪ ਦੀ ਵਰਤੋਂ ਕੀਤੀ ਜਾਵੇਗੀ। ਇਸ ਚਿੱਪ ਦੀ ਮਦਦ ਨਾਲ ਅਧਿਕਾਰੀ ਯਾਤਰੀਆਂ ਦੇ ਵੇਰਵਿਆਂ ਦੀ ਤੁਰੰਤ ਪੁਸ਼ਟੀ ਕਰ ਸਕਣਗੇ। ਈ-ਪਾਸਪੋਰਟ ਜਾਰੀ ਕਰਨ ਪਿੱਛੇ ਸਰਕਾਰ ਦਾ ਮਕਸਦ ਫਰਜ਼ੀ ਪਾਸਪੋਰਟਾਂ ਦੇ ਪ੍ਰਚਲਨ ਨੂੰ ਘੱਟ ਕਰਨਾ ਹੈ। ਇਸ ਦੇ ਨਾਲ ਹੀ ਸੁਰੱਖਿਆ ‘ਚ ਵਾਧਾ ਅਤੇ ਡੁਪਲੀਕੇਸ਼ਨ ਅਤੇ ਡਾਟਾ ਟੈਂਪਰਿੰਗ ‘ਚ ਕਮੀ ਆਈ ਹੈ।
ਕਦੋਂ ਆਉਣਗੇ ਈ-ਪਾਸਪੋਰਟ ?
ਈ-ਪਾਸਪੋਰਟ ਦਾ ਪਾਇਲਟ ਪ੍ਰੋਜੈਕਟ ਇਸ ਸਾਲ ਮਈ ‘ਚ ਸ਼ੁਰੂ ਹੋਵੇਗਾ। ਇਸ ਵਿੱਚ ਸਰਕਾਰ ਸ਼ੁਰੂ ਵਿਚ 10 ਲੱਖ ਪਾਸਪੋਰਟ ਜਾਰੀ ਕਰੇਗੀ। ਇਸ ਦੇ ਲਈ ਅਜਿਹੇ ਪਾਸਪੋਰਟ ਸੇਵਾ ਕੇਂਦਰਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਜਿੱਥੋਂ ਘੱਟ ਪਾਸਪੋਰਟ ਜਾਰੀ ਕੀਤੇ ਜਾਂਦੇ ਹਨ। ਸਰਕਾਰ ਚਾਹੁੰਦੀ ਹੈ ਕਿ ਇਸ ਨਾਲ ਭੀੜ-ਭੜੱਕੇ ਵਾਲੇ ਕੇਂਦਰਾਂ ‘ਤੇ ਕੰਮ ਪ੍ਰਭਾਵਿਤ ਨਾ ਹੋਵੇ।
ਈ-ਪਾਸਪੋਰਟ ਕੌਣ ਬਣਾਏਗਾ?
ਭਾਰਤ ‘ਚ ਦਿੱਗਜ ਤਕਨੀਕੀ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (TCS) ਈ-ਪਾਸਪੋਰਟ ‘ਤੇ ਕੰਮ ਕਰ ਰਹੀ ਹੈ ਅਤੇ ਇਸ ਸਾਲ ਇਸ ਨੂੰ ਸ਼ੁਰੂ ਕਰਨ ਦੀ ਜ਼ਿੰਮੇਵਾਰੀ ਵੀ ਕੰਪਨੀ ਦੀ ਹੀ ਹੈ।