ਨਵੀਂ ਦਿੱਲੀ: ਦਿੱਲੀ ‘ਚ ਪਿਛਲੇ ਵਿੱਤੀ ਸਾਲ ਵਿੱਚ ਦਿੱਲੀ ਸਰਕਾਰ ਨੇ ਸ਼ਰਾਬ ਦੀ ਵਿਕਰੀ ਤੋਂ ਬੰਪਰ ਕਮਾਈ ਕੀਤੀ ਹੈ। ਸਰਕਾਰੀ ਖ਼ਜ਼ਾਨੇ ਨੂੰ ਸ਼ਰਾਬ ਦੀ ਵਿਕਰੀ ਤੋਂ 6821 ਕਰੋੜ ਰੁਪਏ ਦਾ ਮਾਲੀਆ ਮਿਲਿਆ ਹੈ। ਜਦਕਿ ਸਾਲ 2021-22 ‘ਚ ਸ਼ਰਾਬ ਦੀ ਵਿਕਰੀ ਤੋਂ ਕੁੱਲ ਮਾਲੀਆ 6762 ਕਰੋੜ ਰੁਪਏ ਰਿਹਾ ਸੀ।ਆਬਕਾਰੀ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਵਿੱਤੀ ਸਾਲ 2022-23 (31 ਮਾਰਚ) ਤੱਕ ਸ਼ਰਾਬ ਦੀ ਵਿਕਰੀ ਤੋਂ 59 ਕਰੋੜ ਰੁਪਏ ਹੋਰ ਆਬਕਾਰੀ ਡਿਊਟੀ ਵਸੂਲੀ ਗਈ ਸੀ। ਸਰਕਾਰੀ ਖਜ਼ਾਨੇ ਵਿੱਚ ਸ਼ਰਾਬ ਦੀ ਵਿਕਰੀ ਅਤੇ ਵੈਟ ਪ੍ਰਾਪਤ ਹੁੰਦਾ ਹੈ।
ਕੇਜਰੀਵਾਲ ਸਰਕਾਰ ਵਿੱਚ ਸ਼ਰਾਬ ਘੁਟਾਲਾ ਪਿਛਲੇ ਇੱਕ ਸਾਲ ਤੋਂ ਸੁਰਖੀਆਂ ਵਿੱਚ ਹੈ। ਆਬਕਾਰੀ ਨੀਤੀ ਬਣਾਉਣ ਤੋਂ ਬਾਅਦ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਲੈ ਕੇ ਉਸ ਨੀਤੀ ਨੂੰ ਰੱਦ ਕਰਨ, ਆਬਕਾਰੀ ਮੰਤਰੀ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਅਤੇ ਸੀ.ਬੀ.ਆਈ. ਦੀ ਜਾਂਚ ਤੱਕ ਦਿੱਲੀ ਦੀ ਸ਼ਰਾਬ ਸਾਰਾ ਸਾਲ ਸੁਰਖੀਆਂ ‘ਚ ਰਹੀ ਹੈ। ਦਿੱਲੀ ‘ਚ ਇਸ ਸਮੇਂ ਪੁਰਾਣੀ ਆਬਕਾਰੀ ਨੀਤੀ ਤਹਿਤ ਹੀ ਦੁਕਾਨਾਂ ‘ਤੇ ਸ਼ਰਾਬ ਵੇਚੀ ਜਾ ਰਹੀ ਹੈ। ਨਵੀਂ ਨੀਤੀ ਬਣਾਉਣ ਦੇ ਸਬੰਧ ਵਿੱਚ ਦਿੱਲੀ ਸਰਕਾਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਨਿਰਧਾਰਤ ਸਮੇਂ ਵਿੱਚ ਸ਼ਰਾਬ ਦੀ ਵਿਕਰੀ ਲਈ ਨਵੀਂ ਨੀਤੀ ਤਿਆਰ ਕਰਨ।
ਦਿੱਲੀ ਦੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਨੇ ਨਵੀਂ ਆਬਕਾਰੀ ਨੀਤੀ ਬਣਾਉਣ ਲਈ ਵਿੱਤ ਵਿਭਾਗ ਦੇ ਪ੍ਰਮੁੱਖ ਸਕੱਤਰ ਦੀ ਅਗਵਾਈ ਹੇਠ 3 ਮੈਂਬਰੀ ਕਮੇਟੀ ਬਣਾਈ ਹੈ। ਕਮੇਟੀ ਨੇ ਰਿਪੋਰਟ ਪੇਸ਼ ਕਰਨ ਲਈ ਕੁਝ ਹੋਰ ਸਮਾਂ ਮੰਗਿਆ ਸੀ। ਅਜਿਹੇ ‘ਚ ਦਿੱਲੀ ਸਰਕਾਰ ਦੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਰਾਣੀ ਨੀਤੀ ਤਹਿਤ ਜਿਨ੍ਹਾਂ ਦੁਕਾਨਦਾਰਾਂ ਦੇ ਤਹਿਤ ਦਿੱਲੀ ‘ਚ ਸ਼ਰਾਬ ਵੇਚੀ ਜਾ ਰਹੀ ਸੀ, ਉਨ੍ਹਾਂ ਦੇ ਲਾਇਸੈਂਸ ਛੇ ਮਹੀਨਿਆਂ ਲਈ ਰੀਨਿਊ ਕਰ ਦਿੱਤੇ ਗਏ ਹਨ।