Pakistani Prime Minister Shahbaz Sharif: ਦੇਸ਼ ‘ਚ ਚੱਲ ਰਹੇ ਆਰਥਿਕ ਸੰਕਟ, ਸਿਆਸੀ ਅਸਥਿਰਤਾ ਅਤੇ ਅੱਤਵਾਦੀ ਘਟਨਾਵਾਂ ‘ਚ ਵਾਧੇ ਦੇ ਵਿਚਕਾਰ ਪਾਕਿਸਤਾਨ ਭਾਰਤ ਨਾਲ ਯੁੱਧ ਦਾ ਡਰ ਸਤਾ ਰਿਹਾ ਹੈ। ਪਾਕਿ ਦੇ ਪੀਐੱਮ ਸ਼ਾਹਬਾਜ਼ ਸ਼ਰੀਫ ਸਰਕਾਰ ਨੇ ਵੀਰਵਾਰ ਨੂੰ ਪਾਕਿਸਤਾਨੀ ਸੁਪਰੀਮ ਕੋਰਟ ਨੂੰ ਦੱਸਿਆ ਕਿ ਦੇਸ਼ ਵਿਚ ਸੂਬਾਈ ਚੋਣਾਂ ਵਿਚ ਦੇਰੀ ਦਾ ਇਕ ਕਾਰਨ ਭਾਰਤ ਨਾਲ ਜੰਗ ਦਾ ਡਰ ਸੀ।
ਦਰਅਸਲ ਪਾਕਿਸਤਾਨ ਦੇ ਪੰਜਾਬ ਸੂਬੇ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਦੇਰੀ ਦੀ ਅਪੀਲ ‘ਤੇ ਅਦਾਲਤ ਸੁਣਵਾਈ ਕਰ ਰਹੀ ਹੈ। ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨੀ ਰੱਖਿਆ ਮੰਤਰਾਲੇ ਵੱਲੋਂ ਵੀਰਵਾਰ ਨੂੰ ਸੁਪਰੀਮ ਕੋਰਟ ‘ਚ ਪੇਸ਼ ਕੀਤੀ ਗਈ ਰਿਪੋਰਟ ‘ਚ ਕਿਹਾ ਗਿਆ ਹੈ ਕਿ ਸਿਆਸੀ ਤੌਰ ‘ਤੇ ਮਹੱਤਵਪੂਰਨ ਪੰਜਾਬ ਸੂਬੇ ‘ਚ ਚੋਣਾਂ ਹੋਣ ਨਾਲ ਦੇਸ਼ ‘ਚ ਅਸਥਿਰਤਾ ਵਧੇਗੀ ਅਤੇ ਇਸ ਦਾ ਫਾਇਦਾ ਉਠਾ ਕੇ ਭਾਰਤ ਪਾਣੀਆਂ ਦੇ ਵਿਵਾਦ ਦਾ ਫਾਇਦਾ ਉਠਾਏਗਾ।
8 ਅਪ੍ਰੈਲ ਨੂੰ ਚੀਫ਼ ਜਸਟਿਸ ਉਮਰ ਅਤਾ ਬੰਦਿਆਲ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਦੇ ਤਿੰਨ ਮੈਂਬਰੀ ਬੈਂਚ ਨੇ ਚੋਣ ਕਮਿਸ਼ਨ ਦੇ ਉਸ ਫ਼ੈਸਲੇ ਨੂੰ ਰੱਦ ਕਰ ਦਿੱਤਾ ਸੀ, ਜਿਸ ‘ਚ ਚੋਣਾਂ ਦੀ ਤਰੀਕ 10 ਅਪ੍ਰੈਲ ਤੋਂ ਵਧਾ ਕੇ 8 ਅਕਤੂਬਰ ਕੀਤੀ ਗਈ ਸੀ। ਸੁਪਰੀਮ ਕੋਰਟ ਨੇ ਪੰਜਾਬ ਵਿਧਾਨ ਸਭਾ ਲਈ 14 ਮਈ ਨੂੰ ਵੋਟਾਂ ਦੀ ਤਰੀਕ ਤੈਅ ਕੀਤੀ ਹੈ। ਪਾਕਿਸਤਾਨ ਸਰਕਾਰ ਅਕਤੂਬਰ ਤੱਕ ਚੋਣਾਂ ਮੁਲਤਵੀ ਕਰਨਾ ਚਾਹੁੰਦੀ ਹੈ। ਪਾਕਿਸਤਾਨ ਦੇ ਚੋਣ ਕਮਿਸ਼ਨ (ਈਸੀਪੀ) ਨੇ 22 ਮਾਰਚ ਨੂੰ ਕਿਹਾ ਸੀ ਕਿ ਦੇਸ਼ ਨਕਦੀ ਦੀ ਕਿੱਲਤ ਦਾ ਸਾਹਮਣਾ ਕਰ ਰਿਹਾ ਹੈ। ਦੇਸ਼ ਵਿੱਚ ਸੁਰੱਖਿਆ ਦੀ ਸਥਿਤੀ ਵਿਗੜ ਗਈ ਹੈ। ਅਜਿਹੇ ‘ਚ ਪੰਜਾਬ ਸੂਬੇ ‘ਚ ਵਿਧਾਨ ਸਭਾ ਚੋਣਾਂ ਨਹੀਂ ਹੋ ਸਕਦੀਆਂ।