Terrorist Gurpatwant Pannu: ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। ਇਸ ਦੌਰਾਨ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਉਨ੍ਹਾਂ ਦੇ ਸਮਰਥਨ ‘ਚ ਵੀਡੀਓ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ 29 ਅਪਰੈਲ ਨੂੰ ਪੰਜਾਬ ਦੇ ਲੋਕ ਰੇਲਵੇ ਟਰੈਕ ’ਤੇ ਬੈਲ ਗੱਡੀਆਂ ਅਤੇ ਟਰੈਕਟਰ ਖੜ੍ਹੇ ਕਰਨ।
ਪੰਨੂ ਨੇ ਕਿਹਾ ਕਿ ਇਸ ਵਾਰ ਮਸਲਾ ਜ਼ਮੀਨ ਦਾ ਨਹੀਂ, ਜ਼ਮੀਰ ਦਾ ਹੈ। 29 ਅਪ੍ਰੈਲ ਨੂੰ ਪੰਜਾਬ ਪੂਰੀ ਤਰ੍ਹਾਂ ਬੰਦ ਰਹੇਗਾ। ਟਰੇਨ ਰੋਕਣ ਦੀ ਆਵਾਜ਼ ਡਿਬਰੂਗੜ੍ਹ ਜੇਲ੍ਹ ਤੱਕ ਜਾਣੀ ਚਾਹੀਦੀ ਹੈ ਤਾਂ ਜੋ ਪਤਾ ਲੱਗੇ ਕਿ ਪੰਜਾਬ ਦੇ ਨੌਜਵਾਨ ਜ਼ਮੀਰ ਵਾਲੇ ਨੌਜਵਾਨ ਹਨ।
ਪੰਨੂ ਨੇ ਕਿਹਾ ਕਿ 23 ਮਈ ਨੂੰ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਅੰਮ੍ਰਿਤਪਾਲ ਮਾਮਲੇ ‘ਚ ਜਵਾਬ ਮੰਗਿਆ ਜਾਵੇਗਾ। ਅੰਮ੍ਰਿਤਸਰ ਤੋਂ ਫ਼ਿਰੋਜ਼ਪੁਰ ਤੱਕ ਕੋਈ ਟਰੇਨ ਨਹੀਂ ਚੱਲੇਗੀ। ਪੰਨੂ ਇਸ ਤੋਂ ਪਹਿਲਾਂ ਵੀ ਕਈ ਵੀਡੀਓ ਜਾਰੀ ਕਰ ਚੁੱਕੇ ਹਨ। ਉਹ ਵੀਡੀਓ ਪਾ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ।
ਧਮਕੀ ਤੋਂ ਬਾਅਦ ਸਟੇਸ਼ਨ ‘ਤੇ ਅਲਰਟ
ਪੰਨੂ ਦੀ ਧਮਕੀ ਤੋਂ ਬਾਅਦ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਅਲਰਟ ਹੈ। ਰੇਲਵੇ ਸਟੇਸ਼ਨ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਜੀਆਰਪੀ ਨੂੰ ਗਸ਼ਤ ਅਤੇ ਸੁਰੱਖਿਆ ਵਧਾਉਣ ਲਈ 41 ਵਾਧੂ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਰੇਲਵੇ ਸਟੇਸ਼ਨਾਂ ਅਤੇ ਪੁਲਿਸ ਚੌਕੀਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਰੇਲਵੇ ਟ੍ਰੈਕ ‘ਤੇ ਗਸ਼ਤ ਕੀਤੀ ਜਾ ਰਹੀ ਹੈ। ਰੇਲਵੇ ਸਟੇਸ਼ਨ ‘ਤੇ ਤਾਇਨਾਤ ਵਾਧੂ ਫੋਰਸ ‘ਚ ਇਕ ਸਬ-ਇੰਸਪੈਕਟਰ, ਪੰਜ ਕਾਂਸਟੇਬਲ ਅਤੇ 35 ਹੋਮ ਗਾਰਡ ਸ਼ਾਮਲ ਹਨ, ਜੋ ਜੀਆਰਪੀ ਦੀ ਮਦਦ ਕਰਨਗੇ।