ਚੰਡੀਗੜ੍ਹ : ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੌਰਾਨ ਪੰਜਾਬ ਦੇ ਮੰਤਰੀ ਲਾਲਚੰਦ ਕਟਾਰੂਚੱਕ ਦੇ ਅਸ਼ਲੀਲ ਵੀਡੀਓ ਮਾਮਲੇ ’ਚ ਉਨ੍ਹਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਇਹ ਮਾਮਲਾ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ (ਐੱਨਸੀਐੱਸਸੀ) ਕੋਲ ਪਹੁੰਚ ਗਿਆ ਹੈ। ਕਮਿਸ਼ਨ ਨੇ ਵੀਡੀਓ ’ਚ ਦਿਖਾਈ ਦੇ ਰਹੇ ਨੌਜਵਾਨ ਦੀ ਸ਼ਿਕਾਇਤ ’ਤੇ ਮੁੱਖ ਸਕੱਤਰ ਵੀਕੇ ਜੰਜੂ ਤੇ ਡੀਜੀਪੀ ਗੌਰਵ ਯਾਦਵ ਤੋਂ ਇਸ ਬਾਰੇ ਜਵਾਬ ਮੰਗਿਆ ਹੈ। ਐੱਨਸੀਐੱਸਸੀ ਦੇ ਮੁਖੀ ਵਿਜੇ ਸਾਂਪਲਾ ਨੇ ਦੋਵਾਂ ਅਧਿਕਾਰੀਆਂ ਨੂੰ ਫ਼ੌਰੀ ਤੌਰ ’ਤੇ ਕਾਰਵਾਈ ਰਿਪੋਰਟ ਸੌਂਪਣ ਲਈ ਕਿਹਾ ਹੈ।
ਨੌਜਵਾਨ ਨੇ ਲਿਖਿਆ ਕਿ ਮੰਤਰੀ ਦੀ ਧਮਕੀ ਕਾਰਨ ਉਹ ਡਰ ਕੇ ਭੱਜ ਗਿਆ ਹੈ। ਪੰਜਾਬ ’ਚ ਉਨ੍ਹਾਂ ਦੀ ਸਰਕਾਰ ਹੈ, ਇਸ ਲਈ ਉਹ ਦਿੱਲੀ ’ਚ ਆ ਕੇ ਐੱਨਸੀਐੱਸਸੀ ਕੋਲ ਸ਼ਿਕਾਇਤ ਦਰਜ ਕਰਵਾ ਰਿਹਾ ਹੈ। ਉਸ ਨੇ ਸੁਰੱਖਿਆ ਮੁਹਈਆ ਕਰਵਾਉਣ ਦੀ ਵੀ ਮੰਗ ਕੀਤੀ ਹੈ। ਨੌਜਵਾਨ ਨੇ ਕਿਹਾ ਕਿ ਉਹ ਐੱਸਸੀ ਭਾਈਚਾਰੇ ਨਾਲ ਸਬੰਧਤ ਹੈ ਤੇ ਪਠਾਨਕੋਟ ਦਾ ਰਹਿਣ ਵਾਲਾ ਹੈ।
ਨੌਜਵਾਨ ਮੁਤਾਬਕ ਉਹ ਸਾਲ 2013-14 ’ਚ ਲਾਲਚੰਦ ਕਟਾਰੂਚੱਕ ਦੇ ਸੰਪਰਕ ’ਚ ਆਇਆ ਸੀ। ਉਹ ਸਰਕਾਰੀ ਨੌਕਰੀ ਦਿਵਾਉਣ ਦੇ ਬਹਾਨੇ ਉਸ ਨਾਲ ਗ਼ਲਤ ਹਰਕਤਾਂ ਕਰਦੇ ਸਨ। ਨੌਜਵਾਨ ਮੁਤਾਬਕ ਉਸ ਦੀ ਕਟਾਰੂਚੱਕ ਨਾਲ ਆਖ਼ਰੀ ਮੁਲਾਕਾਤ 2021 ’ਚ ਦੀਵਾਲੀ ’ਤੇ ਹੋਈ ਸੀ। ਨੌਜਵਾਨ ਨੇ ਆਪਣੇ ਦੋਸ਼ਾਂ ਦੀ ਵੀਡੀਓ ਵੀ ਜਾਰੀ ਕੀਤੀ ਹੈ।