ਯੇਰੂਸ਼ਲਮ (ਇੰਟ.)- ਇਜ਼ਰਾਇਲ ਅਤੇ ਹਮਾਸ ਵਿਚਾਲੇ ਹਫਤਿਆਂ ਤੋਂ ਜਾਰੀ ਤਣਾਅ ਹੁਣ ਹੋਰ ਹਿੰਸਕ ਹੁੰਦਾ ਜਾ ਰਿਹਾ ਹੈ। ਰਾਤੋ-ਰਾਤ ਦੋਹਾਂ ਪੱਖਾਂ ਵਿਚਾਲੇ ਹੋਏ ਹਮਲਿਆਂ ਕਾਰਣ ਮੌਤਾਂ ਦਾ ਅੰਕੜਾ ਤੇਜ਼ੀ ਨਾਲ ਵਧ ਰਿਹਾ ਹੈ। ਹਮਾਸ ਨੇ ਵੀ ਇਜ਼ਰਾਇਲ ‘ਤੇ ਤਕਰੀਬਨ 200 ਰਾਕੇਟ ਦਾਗੇ ਹਨ, ਜਿਨ੍ਹਾਂ ਵਿਚ ਇਕ ਭਾਰਤੀ ਦੀ ਵੀ ਮੌਤ ਹੋਈ ਹੈ। ਖਬਰ ਹੈ ਕਿ ਇਸ ਜੰਗ ਵਿਚ ਹੁਣ ਤੱਕ 35 ਫਲਸਤੀਨੀ ਅਤੇ 5 ਇਜ਼ਰਾਇਲੀ ਮਾਰੇ ਜਾ ਚੁੱਕੇ ਹਨ। ਇਸ ਵਿਚਾਲੇ ਲਾਡ ਸ਼ਹਿਰ ਵਿਚ ਹਿੰਸਾ ਨੂੰ ਵੇਖਦੇ ਹੋਏ ਐਮਰਜੈਂਸੀ ਲਾਗੂ ਕੀਤੀ ਗਈ ਹੈ।
ਯੇਰੂਸ਼ਲਮ ਦੀ ਅਲ ਅਕਸਾ ਮਸਜਿਦ ‘ਤੇ ਜੁਮੇ ਦੀ ਨਮਾਜ਼ ਨਾਲ ਸ਼ੁਰੂ ਹੋਇਆ ਸੰਘਰਸ਼ ਹੁਣ ਇਜ਼ਰਾਇਲ ਅਤੇ ਫਲਸਤੀਨੀਆਂ ਵਿਚਾਲੇ ਜੰਗ ਵਿਚ ਤਬਦੀਲ ਹੁੰਦਾ ਜਾ ਰਿਹਾ ਹੈ। ਦੋਹਾਂ ਪਾਸਿਆਂ ਤੋਂ ਲਗਾਤਾਰ ਰਾਕੇਟ ਦਾਗੇ ਜਾ ਰਹੇ ਹਨ। ਹਮਲੇ ਵਿਚ ਇਜ਼ਰਾਇਲ ਵਿਚ ਇਕ ਭਾਰਤੀ ਮਹਿਲਾ ਦੀ ਵੀ ਮੌਤ ਹੋ ਗਈ ਹੈ। ਗਾਜ਼ਾ ਪੱਟੀ ‘ਤੇ ਇਜ਼ਰਾਇਲ ਦੇ ਹਮਲੇ ਵਿਚ ਮਰਨ ਵਾਲਿਆਂ ਦੀ ਗਿਣਤੀ 35 ਪਹੁੰਚ ਗਈ ਹੈ। ਇਜ਼ਰਾਇਲੀ ਫੌਜ ਦਾ ਕਹਿਣਾ ਹੈ ਕਿ ਹਮਲੇ ਵਿਚ ਘੱਟੋ-ਘੱਟ 16 ਅੱਤਵਾਦੀ ਮਾਰੇ ਗਏ ਹਨ। ਇਜ਼ਰਾਇਲੀ ਫੌਜ ਦੇ ਬੁਲਾਰੇ ਜੋਨਾਥਨ ਕੋਨਰਿਕਸ ਮੁਤਾਬਕ ਹਮਾਸ ਨੇ ਇਜ਼ਰਾਇਲ ‘ਤੇ ਲਗਭਗ 200 ਰਾਕੇਟ ਦਾਗੇ ਹਨ।
ਇਜ਼ਰਾਇਲ ਅਤੇ ਫਲਸਤੀਨ ਵਿਚਾਲੇ ਜਾਰੀ ਹਿੰਸਾ ਦੇ ਚੱਲਦਿਆਂ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਲਾਡ ਸ਼ਹਿਰ ਵਿਚ ਐਮਰਜੈਂਸੀ ਦਾ ਐਲਾਨ ਕੀਤਾ ਹੈ। ਸਰਕਾਰ ਨੇ ਪ੍ਰਦਰਸ਼ਨਾਂ ਦੇ ਚੱਲਦੇ ਇਹ ਫੈਸਲਾ ਲਿਆ ਹੈ। ਨਿਊਜ਼ ਏਜੰਸੀ ਏ.ਐੱਨ.ਆਈ. ਨੇ ਦਿ ਟਾਈਮਜ਼ ਆਫ ਇਜ਼ਰਾਇਲ ਦੀ ਰਿਪੋਰਟ ਦੇ ਹਵਾਲੇ ਤੋਂ ਲਿਖਿਆ ਹੈ ਕਿ ਇਸ ਦੌਰਾਨ ਤਿੰਨ ਧਾਰਮਿਕ ਸਥਾਨ ਅਤੇ ਕਈ ਦੁਕਾਨਾਂ ਨੂੰ ਅੱਗ ਲਾ ਦਿੱਤੀ ਗਈ। ਪ੍ਰਦਰਸ਼ਨਕਾਰੀਆਂ ਨੇ ਕਈ ਵਾਹਨਾਂ ਨੂੰ ਅੱਗ ਹਵਾਲੇ ਕਰ ਦਿੱਤਾ।
ਹਮਲੇ ਵਿਚ ਇਜ਼ਰਾਇਲ ਵਿਚ ਇਕ ਭਾਰਤੀ ਮਹਿਲਾ ਦੀ ਵੀ ਮੌਤ ਹੋ ਗਈ ਹੈ। ਦੋਹਾਂ ਪਾਸਿਓਂ ਲਗਾਤਾਰ ਰਾਕੇਟ ਦਾਗੇ ਜਾ ਰਹੇ ਹਨ। ਇਨ੍ਹਾਂ ਵਿਚੋਂ ਇਕ ਰਾਕੇਟ ਇਜ਼ਰਾਇਲ ਦੇ ਸ਼ਹਿਰ ਅਸ਼ਕਲੋਨ ਵਿਚ ਇਮਾਰਤ ‘ਤੇ ਡਿੱਗਿਆ। ਇਸ ਹਮਲੇ ਨਾਲ ਕੇਰਲ ਦੀ ਰਹਿਣ ਵਾਲੀ ਸੌਮਿਆ ਸੰਤੋਸ਼ ਦੀ ਮੌਤ ਹੋ ਗਈ। ਸੌਮਿਆ 80 ਸਾਲਾ ਇਜ਼ਰਾਇਲੀ ਮਹਿਲਾ ਦੀ ਕੇਅਰ ਟੇਕਰ ਸੀ। ਰਾਕੇਟ ਹਮਲੇ ਵਿਚ ਇਜ਼ਰਾਇਲੀ ਮਹਿਲਾ ਨੇ ਵੀ ਜਾਨ ਗਵਾ ਦਿੱਤੀ।