ਟੋਰਾਂਟੋ (ਇੰਟ.)- ਪੂਰੇ ਵਿਸ਼ਵ ਵਿਚ ਘਾਤਕ ਹੋ ਰਹੇ ਕੋਰੋਨਾ ਇਨਫੈਕਸ਼ਨ ਨੂੰ ਦੇਖਦੇ ਹੋਏ ਕੈਨੇਡਾ ਨੇ ਇਸ ਜਾਨਲੇਵਾ ਮਹਾਮਾਰੀ ਤੋਂ 12 ਤੋਂ 15 ਸਾਲ ਦੇ ਉਮਰ ਵਰਗ ਦੇ ਬੱਚਿਆਂ ਦੇ ਜੀਵਨ ਨੂੰ ਸੁਰੱਖਿਅਤ ਕਰਨ ਲਈ ਵੈਕਸੀਨੇਸ਼ਨ ਪ੍ਰੋਗਰਾਮ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਤਰ੍ਹਾਂ ਬੱਚਿਆਂ ਦਾ ਵੈਕਸੀਨੇਸ਼ਨ ਸ਼ੁਰੂ ਕਰਨ ਵਾਲਾ ਕੈਨੇਡਾ ਵਿਸ਼ਵ ਦਾ ਪਹਿਲਾ ਦੇਸ਼ ਬਣ ਗਿਆ ਹੈ। ਇਨ੍ਹਾਂ ਨੂੰ ਫਾਈਜ਼ਰ ਕੰਪਨੀ ਦੀ ਵੈਕਸੀਨ ਲਗਾਈ ਜਾਵੇਗੀ। ਆਉਣ ਵਾਲੇ ਕੁਝ ਸਮੇਂ ਵਿਚ ਜਰਮਨੀ ਦੀ ਕੰਪਨੀ ਬਾਇਓਨਟੈੱਕ ਵੀ ਯੂਰਪ ਵਿਚ 12 ਤੋਂ 15 ਸਾਲ ਦੇ ਬੱਚਿਆਂ ਲਈ ਵੈਕਸੀਨੇਸ਼ਨ ਲਾਂਚ ਕਰਨ ਵਾਲੀ ਹੈ। ਤੁਹਾਨੂੰ ਦੱਸ ਦਈਏ ਕਿ ਅਮਰੀਕਾ ਨੇ ਵੀ ਬੱਚਿਆਂ ਲਈ ਵੈਕਸੀਨੇਸ਼ਨ ਦੀ ਇਜਾਜ਼ਤ ਦੇ ਦਿੱਤੀ ਹੈ।
ਭਾਰਤ ਦੀ ਹੀ ਗੱਲ ਕਰੀਏ ਤਾਂ ਭਾਰਤ ਬਾਇਓਟੈੱਕ 2-18 ਸਾਲ ਦੇ ਬੱਚਿਆਂ ‘ਤੇ ਆਪਣੀ ਕੋਵਿਡ ਵੈਕਸੀਨ ਕੋਵੈਕਸੀਨ ਦਾ ਛੇਤੀ ਹੀ ਦੂਜੇ ਅਤੇ ਤੀਜੇ ਪੜਾਅ ਦਾ ਕਲੀਨੀਕਲ ਟ੍ਰਾਇਲ ਸ਼ੁਰੂ ਕਰਨ ਵਾਲੀ ਹੈ। ਕੋਵਿਡ ਮਹਾਮਾਰੀ ਦੀ ਰੋਕਥਾਮ ਨੂੰ ਲੈ ਕੇ ਗਠਿਤ ਮਾਹਰਾਂ ਦੀ ਕਮੇਟੀ ਨੇ ਇਸ ਦੇ ਟ੍ਰਾਇਲ ਦੀ ਸਿਫਾਰਿਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਭਾਰਤ ਵਿਚ ਫਿਲਹਾਲ 18 ਤੋਂ 45 ਸਾਲ ਦੇ ਉਮਰ ਵਰਗ ਲਈ ਵੈਕਸੀਨੇਸ਼ਨ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ।
ਭਾਰਤ ਵਿਚ ਲੜੀਬੱਧ ਤਰੀਕੇ ਨਾਲ ਵੈਕਸੀਨੇਸ਼ਨ ਦੀ ਸ਼ੁਰੂਆਤ ਹੋਈ ਸੀ, ਜਿਸ ਵਿਚ ਸਭ ਤੋਂ ਪਹਿਲਾਂ 60 ਤੋਂ ਉਪਰ ਉਮਰ ਵਰਗ ਦੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇਸ ਵਿਚ ਕੋਰੋਨਾ ਨਾਲ ਫਰੰਟ ਲਾਈਨ ‘ਤੇ ਲੜ ਰਹੇ ਵਰਕਰਸ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਇਸ ਤੋਂ ਬਾਅਦ 45-60 ਸਾਲ ਦੇ ਉਮਰ ਵਰਗ ਦੀ ਸ਼ੁਰੂਆਤ ਕੀਤੀ ਗਈ ਅਤੇ ਫਿਰ ਹੁਣ 18-45 ਸਾਲ ਦੇ ਉਮਰ ਵਰਗ ਲਈ ਵੈਕਸੀਨ ਲਗਾਉਣ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਦੇ ਲਈ ਸਾਰਿਆਂ ਨੂੰ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣੀ ਹੁੰਦੀ ਹੈ।
ਕੋਰੋਨਾ ਮਹਾਮਾਰੀ ਦੀ ਆਉਣ ਵਾਲੀ ਲਹਿਰ ਅਤੇ ਇਸ ਨਾਲ ਬੱਚਿਆਂ ‘ਤੇ ਪੈਣ ਵਾਲੇ ਮਾੜੇ ਪ੍ਰਭਾਵ ਨੂੰ ਰੋਕਣ ਲਈ ਐਸਟ੍ਰਾਜੇਨੇਕਾ ਵੀ ਆਪਣੀ ਇਕ ਵੈਕਸੀਨ ਦਾ ਪ੍ਰੀਖਣ 6 ਮਹੀਨੇ ਤੋਂ ਜ਼ਿਆਦਾ ਉਮਰ ਦੇ ਬੱਚਿਆਂ ‘ਤੇ ਪ੍ਰੀਖਣ ਦੀ ਸ਼ੁਰੂਆਤ ਕਰ ਚੁੱਕੀ ਹੈ। ਇਸ ਤਰ੍ਹਾਂ ਨਾਲ ਜਾਨਸਨ ਐਂਡ ਜਾਨਸਨ ਕੰਪਨੀ ਬੱਚਿਆਂ ‘ਤੇ ਇਸਤੇਮਾਲ ਹੋਣ ਵਾਲੀ ਆਪਣੀ ਵੈਕਸੀਨ ਦਾ ਕਲੀਨੀਕਲ ਟ੍ਰਾਇਲ ਸ਼ੁਰੂ ਕਰਨ ਵਾਲੀ ਹੈ। ਅਜਿਹੇ ਵਿਚ ਨੋਵਾਵੈਕਸ ਨੇ 12-17 ਉਮਰ ਵਰਗ ਦੇ ਬੱਚਿਆਂ ‘ਤੇ ਵੈਕਸੀਨ ਦੇ ਟ੍ਰਾਇਲ ਦੀ ਸ਼ੁਰੂਆਤ ਕਰ ਦਿੱਤੀ ਹੈ। ਹਾਲਾਂਕਿ ਇਨ੍ਹਾਂ ਸਾਰਿਆਂ ਦੇ ਟ੍ਰਾਇਲ ਦੇ ਅੰਤਿਮ ਰੂਪ ਵਿਚ ਪਹੁੰਚਣ ਵਿਚ ਅਜੇ ਸਮਾਂ ਲੱਗੇਗਾ।
ਕੈਨੇਡਾ ਨੇ ਫਾਈਜ਼ਰ ਦੀ ਜਿਸ ਕੰਪਨੀ ਦੀ ਵੈਕਸੀਨ ਨੂੰ ਬੱਚਿਆਂ ‘ਤੇ ਲਗਾਉਣ ਦੀ ਇਜਾਜ਼ਤ ਦਿੱਤੀ ਹੈ ਉਸ ਨੂੰ ਇਸ ਵਾਇਰਸ ‘ਤੇ 100 ਫੀਸਦੀ ਕਾਰਗਰ ਦੱਸਿਆ ਗਿਆ ਹੈ। ਕੰਪਨੀ ਨੇ ਇਸ ਦੀ ਸ਼ੁਰੂਆਤ ਵਿਚ ਟ੍ਰਾਇਲ ਦੌਰਾਨ ਤਕਰੀਬਨ 2260 ਬੱਚਿਆਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਸੀ। ਇਸ ਦੀ ਦੂਜੀ ਡੋਜ਼ ਤਿੰਨ ਹਫਤੇ ਦੇ ਫਰਕ ‘ਤੇ ਦਿੱਤੀ ਸੀ। ਬੱਚਿਆਂ ਨੂੰ ਵੈਕਸੀਨ ਦੀ ਪਲਾਜ਼ਮਾ ਡੋਜ਼ ਦਿੱਤੀ ਗਈ ਸੀ ਜੋ ਦਰਅਸਲ ਵੈਕਸੀਨ ਦਾ ਅਸਲ ਰੂਪ ਨਹੀਂ ਹੁੰਦਾ ਹੈ। ਇਸ ਟ੍ਰਾਇਲ ਵਿਚ ਪਤਾ ਲੱਗਾ ਕਿ ਵੈਕਸੀਨ ਸਿਪਟੋਮੈਟਿਕ ਕੋਰੋਨਾ ਮਾਮਲਿਆਂ ਵਿਚ 100 ਫੀਸਦ ਤੱਕ ਕਾਰਗਰ ਹੈ। ਫਾਈਜ਼ਰ ਨੇ ਮਾਰਚ ਵਿਚ 5-11 ਸਾਲ ਦੇ ਉਮਰ ਵਰਗ ਦੇ ਬੱਚਿਆਂ ‘ਤੇ ਵੈਕਸੀਨ ਦਾ ਟ੍ਰਾਇਲ ਸ਼ੁਰੂ ਕੀਤਾ ਸੀ। ਇਸ ਤੋਂ ਇਲਾਵਾ ਕੰਪਨੀ ਨੇ ਅਪ੍ਰੈਲ ਵਿਚ 2-5 ਸਾਲ ਦੇ ਬੱਚਿਆਂ ‘ਤੇ ਵੀ ਇਸ ਦਾ ਟ੍ਰਾਇਲ ਸ਼ੁਰੂ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਉਸ ਨੂੰ ਇਸ ਦੇ ਬਿਹਤਰ ਨਤੀਜੇ ਮਿਲੇ ਹਨ।