ਕਾਠਮੰਡੂ (ਏਜੰਸੀ)- ਨੇਪਾਲ ਵਿਚ ਮਾਊਂਟ ਐਵਰੈਸਟ ਦੀ ਚੜ੍ਹਾਈ ਦੌਰਾਨ ਦੋ ਵਿਦੇਸ਼ੀ ਪਰਵਤਾਰੋਹੀਆਂ ਦੀ ਮੌਤ ਹੋ ਗਈ। ਇਨ੍ਹਾਂ ਵਿਚੋਂ ਇਕ ਸਵਿਟਜ਼ਰਲੈਂਡ ਦਾ ਨਾਗਰਿਕ 41 ਸਾਲਾ ਅਬਦੁਲ ਵੜੈਚ ਅਤੇ ਦੂਜਾ ਅਮਰੀਕੀ 55 ਸਾਲਾ ਪੁਵੇਈ ਲਿਊ ਹੈ। ਦੋਹਾਂ ਦੀ ਹੀ ਮੌਤ ਦਾ ਕਾਰਣ ਆਕਸੀਜਨ ਦੀ ਕਮੀ ਕਾਰਣ ਥਕਾਵਟ ਹੋਣਾ ਦੱਸਿਆ ਗਿਆ ਹੈ। ਇਨ੍ਹਾਂ ਦੋਹਾਂ ਪਰਵਤਾਰੋਹੀਆਂ ਨੂੰ ਬਚਾਉਣ ਲਈ ਵਧੇਰੇ ਸਹਾਇਤਾ ਵੀ ਭੇਜੀ ਗਈ ਸੀ।
ਪਰਵਤਾਰੋਹਣ ਦਾ ਆਯੋਜਨ ਕਰਨ ਵਾਲੀ ਕੰਪਨੀ ਸੇਵਲ ਸਮਿਟ ਟ੍ਰੈਕਸ ਮੁਤਾਬਕ ਸਵਿਟਜ਼ਰਲੈਂਡ ਦੇ ਰਹਿਣ ਵਾਲੇ ਵੜੈਚ ਦੀ ਮੌਤ ਉਸ ਵੇਲੇ ਹੋਈ ਜਦੋਂ ਉਹ ਐਵਰੈਸਟ ‘ਤੇ ਫਤਿਹ ਕਰਨ ਤੋਂ ਬਾਅਦ ਵਾਪਸ ਪਰਤ ਰਹੇ ਸੀ। ਅਮਰੀਕੀ ਪਰਵਤਾਰੋਹੀ ਲਿਊ ਚੋਟੀ ਤੱਕ ਨਹੀਂ ਪਹੁੰਚ ਸਕੇ। ਐਵਰੈਸਟ ‘ਤੇ 1953 ਵਿਚ ਪਹਿਲੀ ਵਾਰ ਐਡਮੰਡ ਹਿਲੇਰੀ ਅਤੇ ਤੇਨਜਿੰਗ ਨੌਰਗੇ ਪਹੁੰਚੇ ਸਨ। ਉਸ ਤੋਂ ਬਾਅਦ ਹੁਣ ਤੱਕ 6 ਹਜ਼ਾਰ ਪਰਵਤਾਰੋਹੀ ਇਥੇ ਪਹੁੰਚ ਚੁੱਕੇ ਹਨ। ਐਵਰੈਸਟ ਮੁਹਿੰਮ ਵਿਚ ਸ਼ਾਮਲ ਲੋਕਾਂ ਵਿਚ ਹੁਣ ਤੱਕ 311 ਦੀ ਮੌਤ ਹੋ ਚੁੱਕੀ ਹੈ। ਪਿਛਲੇ ਸਾਲ ਕੋਰੋਨਾ ਵਾਇਰਸ ਇਨਫੈਕਸ਼ਨ ਕਾਰਣ ਫੈਲੀ ਮਹਾਮਾਰੀ ਕਾਰਣ ਬੰਦ ਹੋਣ ਤੋਂ ਬਾਅਦ ਇਸ ਸਾਲ ਅਪ੍ਰੈਲ-ਮਈ ਵਿਚ ਚੜ੍ਹਾਈ ਨੂੰ ਲੈ ਕੇ ਨੇਪਾਲ ਨੇ ਇਸ ਵਾਰ ਪਰਵਤਾਰੋਹਣ ਲਈ 408 ਪਰਮਿਟ ਜਾਰੀ ਕੀਤੇ ਸਨ।
ਆਯੋਜਕ ਚਾਂਗ ਨੇ ਜਾਣਕਾਰੀ ਦਿੱਤੀ ਕਿ ਇਹ ਇਸ ਸਾਲ ਦਾ ਪਹਿਲਾ ਹਾਦਸਾ ਹੈ। ਉਨ੍ਹਾਂ ਨੇ ਦੱਸਿਆ ਕਿ ਅਬਦੁਲ ਚੋਟੀ ਤੱਕ ਪਹੁੰਚ ਗਏ ਪਰ ਵਾਪਸੀ ਵਿਚ ਉਨ੍ਹਾਂ ਨੂੰ ਔਕੜਾਂ ਦਾ ਸਾਹਮਣਾ ਕਰਨਾ ਪਿਆ। ਅਸੀਂ ਦੋ ਹੋਰ ਸ਼ੇਰਪਾ ਆਕਸੀਜਨ ਅਤੇ ਭੋਜਨ ਦੇ ਨਾਲ ਭੇਜੇ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਉਥੇ ਹੀ ਅਮਰੀਕੀ ਪੁਵੇਈ ਦੀ ਮੌਤ ਐਵਰੈਸਟ ‘ਤੇ ਬਣੇ ਸਭ ਤੋਂ ਜ਼ਿਆਦਾ ਉਚਾਈ ਵਾਲੇ ਕੈਂਪ ‘ਤੇ ਹੋਈ। ਉਹ ਹਿਲੇਰੀ ਸਟੇਪ ਤੱਕ ਪਹੁੰਚ ਗਏ ਸਨ ਪਰ ਉਸ ਤੋਂ ਬਾਅਦ ਹੀ ਉਨ੍ਹਾਂ ਨੂੰ ਦਿੱਕਤ ਹੋਣ ਲੱਗੀ। ਟੀਮ ਮੈਂਬਰ ਦੀ ਸਹਾਇਤਾ ਉਨ੍ਹਾਂ ਨੂੰ ਮਿਲੀ ਪਰ ਬੁੱਧਵਾਰ ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ। ਅਜੇ ਇਸ ਬਾਰੇ ਵਿਚ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਉਨ੍ਹਾਂ ਨੂੰ ਹੇਠਾਂ ਕਦੋਂ ਤੱਕ ਲਿਆਂਦਾ ਜਾ ਸਕੇਗਾ।