ਵਾਸ਼ਿੰਗਟਨ (ਇੰਟ.)- ਇਜ਼ਰਾਇਲ ਤੇ ਫਲਿਸਤੀਨੀਆਂ ਵਿਚਾਲੇ ਇਨੀਂ ਦਿਨੀਂ ਜੰਗ ਵਰਗੇ ਹਾਲਾਤ ਬਣੇ ਹੋਏ ਹਨ। ਫਲਿਸਤੀਨ ਦੀ ਹਮਾਇਤ ਵਿਚ ਆਉਂਦਿਆਂ ਹਮਾਸ ਵਲੋਂ ਇਜ਼ਰਾਇਲ ‘ਤੇ ਰਾਕੇਟ ਹਮਲੇ ਕੀਤੇ ਜਾ ਰਹੇ ਹਨ, ਜਿਸ ਨੂੰ ਇਜ਼ਰਾਇਲ ਦੇ ਐਂਟੀ ਡੋਮ ਮਿਸਾਇਲ ਸਿਸਟਮ ਰਾਹੀਂ ਰੋਕਿਆ ਤਾਂ ਜਾ ਰਿਹਾ ਹੈ ਪਰ ਇਨ੍ਹਾਂ ਹਮਲਿਆਂ ਵਿਚ ਕੁਝ ਰਾਕੇਟ ਇਜ਼ਰਾਇਲ ‘ਤੇ ਡਿੱਗ ਹੀ ਜਾਂਦੇ ਹਨ ਜਿਸ ਕਾਰਣ ਜਾਨ-ਮਾਲ ਦਾ ਵੀ ਨੁਕਸਾਨ ਹੋ ਰਿਹਾ ਹੈ। ਜਵਾਬੀ ਕਾਰਵਾਈ ਵਿਚ ਇਜ਼ਰਾਇਲ ਵਲੋਂ ਵੀ ਹਮਾਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਇਸ ਵਿਚ ਆਮ ਲੋਕ ਵੀ ਮਾਰੇ ਜਾ ਰਹੇ ਹਨ।
ਦੂਜੇ ਪਾਸੇ ਇਜ਼ਰਾਇਲ ਅਤੇ ਫਲਸਤੀਨ ਵਿਚਾਲੇ ਛਿੜੀ ਜੰਗ ਨੂੰ ਰੁਕਵਾਉਣ ਲਈ ਇਸ ਵੇਲੇ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ‘ਤੇ ਜ਼ਬਰਦਸਤ ਤਣਾਅ ਹੈ। ਇਸ ਦੀ ਸਭ ਤੋਂ ਵੱਡੀ ਵਜ੍ਹਾ ਗਾਜ਼ਾ ਸਥਿਤ ਮੀਡੀਆ ਹਾਊਸ ‘ਤੇ ਹੋਇਆ ਹਮਲਾ ਹੈ। ਇਸ ਹਮਲੇ ਵਿਚ ਐਸੋਸੀਏਟਿਡ ਪ੍ਰੈੱਸ ਸਣੇ ਅਲਜਜ਼ੀਰਾ ਦਾ ਦਫਤਰ ਵੀ ਤਬਾਹ ਹੋ ਗਿਆ ਸੀ। ਦੱਸਣਯੋਗ ਹੈ ਕਿ ਇਸ ਇਮਾਰਤ ਵਿਚ ਹੋਰ ਵੀ ਕਈ ਮੀਡੀਆ ਹਾਊਸ ਕੰਮ ਕਰ ਰਹੇ ਸਨ।
ਵ੍ਹਾਈਟ ਹਾਊਸ ਦੇ ਬੁਲਾਰੇ ਦਾ ਕਹਿਣਾ ਹੈ ਕਿ ਅਮਰੀਕਾ ਵੀ ਚਾਹੁੰਦਾ ਹੈ ਕਿ ਦੋਹਾਂ ਦੇਸ਼ਾਂ ਵਿਚਾਲੇ ਚੱਲ ਰਿਹਾ ਤਣਾਅ ਘੱਟ ਹੋਵੇ ਅਤੇ ਸੀਜ਼ਫਾਇਰ ਕੀਤਾ ਜਾਵੇ। ਇਸ ਬਾਰੇ ਅਮਰੀਕਾ ਦੀ ਮਿਸਰ ਸਮੇਤ ਹੋਰ ਦੇਸ਼ਾਂ ਦੇ ਰਾਸ਼ਟਰ ਪ੍ਰਧਾਨਾਂ ਨਾਲ ਵੀ ਗੱਲਬਾਤ ਹੋਈ ਹੈ। ਇਕ ਲਿਬਰਲ ਪ੍ਰੋ-ਇਜ਼ਰਾਇਲ ਲੋਬਿੰਗ ਗਰੁੱਪ ਜੇਸਟ੍ਰੀਟ ਦੇ ਬੁਲਾਰੇ ਲੋਗੇਨ ਬੇਰੌਫ ਦਾ ਕਹਿਣਾ ਹੈ ਕਿ ਉਹ ਇਸ ਗੱਲ ਤੋਂ ਕਾਫੀ ਦੁਖੀ ਹਨ ਕਿ ਬਾਈਡਨ ਪ੍ਰਸ਼ਾਸਨ ਇਸ ਦੀ ਨਜ਼ਾਕਤ ਨੂੰ ਸਮਝਦੇ ਹੋਏ ਤੇਜ਼ੀ ਨਾਲ ਫੈਸਲਾ ਨਹੀਂ ਲੈ ਰਿਹਾ ਹੈ।
ਇਜ਼ਰਾਇਲੀ ਰਾਸ਼ਟਰਪਤੀ ਬੇਂਜਾਮਿਨ ਨੇਤਨਯਾਹੂ ਨੇ ਟੀ.ਵੀ. ‘ਤੇ ਜਾਰੀ ਇਕ ਸੰਦੇਸ਼ ਵਿਚ ਕਿਹਾ ਸੀ ਕਿ ਇਸ ਇਮਾਰਤ ਵਿਚ ਜੋ ਮੀਡੀਆ ਹਾਊਸ ਸੀ ਉਸ ਦੀ ਵਰਤੋਂ ਹਮਾਸ ਦੇ ਲੋਕ ਆਪਣੇ ਖੁਫੀਆ ਦਫਤਰ ਵਜੋਂ ਕਰ ਰਹੇ ਸਨ। ਉਨ੍ਹਾਂ ਮੁਤਾਬਕ ਹਮਲੇ ਵਿਚ ਇਸ ਇਮਾਰਤ ਨੂੰ ਸਟੀਕ ਤੌਰ ‘ਤੇ ਨਿਸ਼ਾਨਾ ਬਣਾਇਆ ਗਿਆ ਸੀ। ਇਸ ਹਮਲੇ ਤੋਂ ਬਾਅਦ ਬਾਈਡਨ ਪ੍ਰਸ਼ਾਸਨ ਨੇ ਵੀ ਇਜ਼ਰਾਇਲ ਤੋਂ ਇਸ ਨੂੰ ਲੈ ਕੇ ਜਵਾਬ ਮੰਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਦੋਹਾਂ ਪਾਸਿਆਂ ਤੋਂ ਹੋ ਰਹੇ ਹਮਲਿਆਂ ਵਿਚ ਤਕਰੀਬਨ 200 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 1200 ਤੋਂ ਜ਼ਿਆਦਾ ਜ਼ਖਮੀ ਹੋ ਚੁੱਕੇ ਹਨ। ਐਤਵਾਰ ਨੂੰ ਇਸ ਸਬੰਧੀ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਐਮਰਜੈਂਸੀ ਮੀਟਿੰਗ ਤੋਂ ਬਾਅਦ ਬਾਈਡਨ ਦੀ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਹੀ ਉਨ੍ਹਾਂ ‘ਤੇ ਸੀਜ਼ਫਾਇਰ ਨੂੰ ਲੈ ਕੇ ਦਬਾਅ ਵਧਾਉਣ ਵਿਚ ਲੱਗ ਗਏ ਹਨ। ਬਾਈਡੇਨ ਪ੍ਰਸ਼ਾਸਨ ਨੇ ਕਿਹਾ ਕਿ ਉਹ ਇਸ ਸਬੰਧੀ ਪੀ.ਐੱਮ. ਬੈਂਜਾਮਿਨ ਦੇ ਸੰਪਰਕ ਵਿਚ ਹਨ। ਪਿਛਲੇ ਦਿਨੀਂ ਅਰਬ ਜਗਤ ਸਣੇ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਨੇ ਵੀ ਹਮਲਿਆਂ ਨੂੰ ਤੁਰੰਤ ਰੋਕਣ ਦੀ ਅਪੀਲ ਕੀਤੀ ਸੀ। ਯੂ.ਐੱਨ. ਮੁਖੀ ਨੇ ਕਿਹਾ ਸੀ ਕਿ ਜੇ ਇਹ ਨਹੀਂ ਰੁਕਿਆ ਤਾਂ ਇਸ ਦੇ ਘਾਤਕ ਨਤੀਜੇ ਹੋਣਗੇ। ਸੀਜ਼ਫਾਇਰ ਦੇ ਸਵਾਲ ‘ਤੇ ਵ੍ਹਾਈਟ ਹਾਊਸ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਦੇ ਵਿਚਾਰ ਮੁਤਾਬਕ ਪਰਦੇ ਪਿੱਛੇ ਕੁਝ ਵਾਰਤਾ ਚੱਲ ਰਹੀ ਹੈ।