ਜੋ ਬਾਈਡੇਨ ਦੀ ਵੀ ਨਹੀਂ ਮੰਨ ਰਹੇ ਬੈਂਜਾਮਿਨ ਨੇਤਨਯਾਹੂ , ਆਖੀ ਇਹ ਗੱਲ

ਯੇਰੂਸ਼ਲਮ (ਇੰਟ.)- ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਵਲੋਂ ਗਾਜ਼ਾ ਵਿਚ ਅੱਤਵਾਦੀ ਸੰਗਠਨ ਹਮਾਸ ਦੇ ਖਿਲਾਫ ਜੰਗ ਬੰਦੀ ਦਾ ਦਬਾਅ ਬਣਾਏ ਜਾਣ ਦੇ ਬਾਵਜੂਦ ਇਜ਼ਰਾਇਲੀ ਪ੍ਰਧਾਨ ਮੰਤਰੀ…

ਯੇਰੂਸ਼ਲਮ (ਇੰਟ.)- ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਵਲੋਂ ਗਾਜ਼ਾ ਵਿਚ ਅੱਤਵਾਦੀ ਸੰਗਠਨ ਹਮਾਸ ਦੇ ਖਿਲਾਫ ਜੰਗ ਬੰਦੀ ਦਾ ਦਬਾਅ ਬਣਾਏ ਜਾਣ ਦੇ ਬਾਵਜੂਦ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਫੌਜੀ ਮੁਹਿੰਮ ਜਾਰੀ ਰੱਖਣ ‘ਤੇ ਬਜਿੱਦ ਹਨ। ਫੌਜੀ ਹੈੱਡਕੁਆਰਟਰ ਦਾ ਦੌਰਾ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਵਿਚ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਦੀ ਹਮਾਇਤ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਡਾ ਟੀਚਾ ਪੂਰਾ ਹੋਣ ਤੱਕ ਜਾਰੀ ਰਹੇਗਾ। ਇਜ਼ਰਾਇਲੀ ਨਾਗਰਿਕਾਂ ਲਈ ਸ਼ਾਂਤੀ ਸੁਰੱਖਿਆ ਦੀ ਵਾਪਸੀ ਹੋਣ ਤੱਕ ਅਸੀਂ ਅੱਗੇ ਵਧਦੇ ਰਹਾਂਗੇ। ਨੇਤਨਯਾਹੂ ਨੇ ਇਹ ਸਖ਼ਤ ਬਿਆਨ ਬਾਈਡੇਨ ਤੋਂ ਬੁੱਧਵਾਰ ਦੇਰ ਸ਼ਾਮ ਫੋਨ ‘ਤੇ ਗੱਲਬਾਤ ਹੋਣ ਮਗਰੋਂ ਦਿੱਤਾ।

ਇਸ ਵਿਚਾਲੇ ਅਮਰੀਕੀ ਰਾਸ਼ਟਰਪਤੀ ਬਾਈਡਨ ਨੇ ਇਜ਼ਰਾਈਲ ਨੂੰ ਕਰੀਬ 5.4 ਹਜ਼ਾਰ ਕਰੋੜ ਰੁਪਏ ਦੇ ਹਥਿਆਰ ਵੇਚਣ ਦੀ ਮਨਜ਼ੂਰੀ ਦਿੱਤੀ ਹੈ। ਅਮਰੀਕੀ ਸੰਸਦ ਮੁਤਾਬਕ ਸੰਸਦ ਮੈਂਬਰਾਂ ਦੇ ਇਸ ਸਮਝੌਤੇ ‘ਤੇ ਇਤਰਾਜ਼ ਜਤਾਉਣ ਦੀ ਸੰਭਾਵਨਾ ਨਹੀਂ ਹੈ। ਕਿਉਂਕਿ ਡੈਮੋਕਰੇਟਿਕ ਹੋਵੇ ਜਾਂ ਰਿਪਬਲਿਕਨ ਪਾਰਟੀ ਦੋਵੇਂ ਇਜ਼ਰਾਈਲ ਦਾ ਸਮਰਥਨ ਕਰਦੀਆਂ ਹਨ। ਦੂਜੇ ਪਾਸੇ ਅਮਰੀਕਾ ਦੇ ਇਸ ਰਵੱਈਏ ‘ਤੇ ਤੁਰਕੀ ਭੜਕ ਗਿਆ। ਉਥੇ ਦੇ ਰਾਸ਼ਟਰਪਤੀ ਅਰਦੋਗਨ ਨੇ ਬਾਈਡਨ ਦਾ ਨਾਂ ਲੈਂਦੇ ਹੋਏ ਕਿਹਾ ਕਿ ਤੁਸੀਂ ਮੈਨੂੰ ਇਹ ਕਹਿਣ ਲਈ ਮਜਬੂਰ ਕਰ ਦਿੱਤਾ ਕਿ ਤੁਸੀਂ ਅਪਣੇ ਖੂਨੀ ਹੱਥਾਂ ਨਾਲ ਇਤਿਹਾਸ ਲਿਖ ਰਹੇ ਹਨ।

ਇਸਲਾਮਿਕ ਦੇਸ਼ਾਂ ਦੇ ਸੰਗਠਨ ਓਆਈਸੀ ਦੀ ਬੈਠਕ ਵਿਚ ਇਜ਼ਰਾਈਲ ਨੂੰ ਚਿਤਾਵਨੀ ਦਿੱਤੀ ਗਈ ਕਿ ਅਲ ਅਕਸਾ ਮਸਜਿਦ ‘ਤੇ ਕਬਜ਼ੇ ਦੀ ਕੋਸ਼ਿਸ਼ ਕੀਤੀ ਤਾਂ ਨਤੀਜੇ ਭਿਆਨਕ ਹੋਣਗੇ। ਬੈਠਕ ਸਾਊਦੀ ਨੇ ਬੁਲਾਈ ਸੀ ਪਰ ਉਸ ਨੇ ਖੁਦ ਅਮਰੀਕੀ ਲੜਾਕੂ ਜਹਾਜ਼ਾਂ ਨੂੰ ਜ਼ਮੀਨ ਦਿੱਤੀ ਹੈ। ਅਮਰੀਕਾ ਇਸ ਦਾ ਇਸਤੇਮਾਲ ਇਜ਼ਰਾਈਲ ਦੀ ਮਦਦ ਵਿਚ ਕਰ ਸਕਦਾ ਹੈ। ਰਿਪੋਰਟ ਮੁਤਾਬਕ ਇਸ ਜੰਗ ਦਾ ਖਮਿਆਜ਼ਾ ਦੋਵੇਂ ਧਿਰਾਂ ਨੂੰ ਭੁਗਤਣਾ ਪੈ ਰਿਹਾ ਹੈ ਪਰ ਹਮਾਸ ਦੇ ਕਬਜ਼ੇ ਵਾਲੇ ਗਾਜਾ ਪੱਟੀ ਇਲਾਕੇ ਵਿਚ ਹਾਲਾਤ ਬਦਤਰ ਹੋ ਚੁੱਕੇ ਹਨ। ਇੱਥੋਂ ਦੀ 21 ਲੱਖ ਦੀ ਆਬਾਦੀ ਵਿਚੋਂ 11 ਲੱਖ ਕੋਲ ਪੀਣ ਦਾ ਪਾਣੀ, ਟਾਇਲਟ ਅਤੇ ਬਿਜਲੀ ਵਰਗੀਆਂ ਬੁਨਿਆਦੀ ਸਹੂਲਤਾਂ ਵੀ ਨਹੀਂ ਹਨ।

 

Leave a Reply

Your email address will not be published. Required fields are marked *