ਓਟਾਵਾ (ਇੰਟ.)- ਅਫਗਾਨਿਸਤਾਨ (Afghanistan) ਦੇ ਮੌਜੂਦਾ ਹਾਲਾਤ ‘ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister of Canada Justin Trudeau) ਨੇ ਚਿੰਤਾ ਜ਼ਾਹਿਰ ਕੀਤੀ ਹੈ। ਟਰੂਡੋ ਨੇ ਅਫਗਾਨਿਸਤਾਨ ਦੀ ਨਵੀਂ ਤਾਲਿਬਾਨੀ ਸਰਕਾਰ ਨੂੰ ਸਵੀਕਾਰ ਕਰਨ ਤੋਂ ਮਨਾਂ ਕਰ ਦਿੱਤਾ ਹੈ। ਅਫਗਾਨਿਸਤਾਨ ਦੇ ਮੁੱਦੇ ‘ਤੇ ਖੁਲ੍ਹ ਕੇ ਬੋਲਦੇ ਹੋਏ ਕੈਨੇਡਾ ਦੇ ਪੀ.ਐੱਮ. ਟਰੂਡੋ ਨੇ ਕਿਹਾ ਕਿ ਉਨ੍ਹਾਂ ਨੇ (ਤਾਲਿਬਾਨ) ਸੱਤਾ ਸੰਭਾਲੀ ਹੈ ਅਤੇ ਇਕ ਚੁਣੀ ਹੋਈ ਲੋਕਤਾਂਤਰਿਕ ਸਰਕਾਰ (Democratic government) ਨੂੰ ਹਥਿਆਰਾਂ ਦੇ ਜ਼ੋਰ ‘ਤੇ ਬਦਲ ਦਿੱਤਾ ਹੈ। ਅੱਤਵਾਦੀ ਸੰਗਠਨ ਤਾਲਿਬਾਨ ਨੂੰ ਅਫਗਾਨਿਸਤਾਨ ਦੀ ਸਰਕਾਰ ਦੇ ਰੂਪ ਵਿਚ ਮਾਨਤਾ ਦੇਣ ਦੀ ਸਾਡੀ ਕੋਈ ਯੋਜਨਾ ਨਹੀਂ ਹੈ।
ਉਹ ਕੈਨੇਡਾ ਦੇ ਕਾਨੂੰਨ ਤਹਿਤ ਇਕ ਮਾਨਤਾ ਪ੍ਰਾਪਤ ਅੱਤਵਾਦੀ ਸੰਗਠਨ ਹੈ। ਅਜੇ ਸਾਡਾ ਧਿਆਨ ਅਫਗਾਨਿਸਤਾਨ ਤੋਂ ਲੋਕਾਂ ਨੂੰ ਬਾਹਰ ਕੱਢਣ ‘ਤੇ ਹੈ ਅਤੇ ਹਵਾਈ ਅੱਡੇ ਤੱਕ ਪਹੁੰਚਣ ਲਈ ਲੋਕਾਂ ਦੀ ਮੁਫਤ ਪਹੁੰਚ ਯਕੀਨੀ ਕਰਨ ਦੀ ਲੋੜ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ 20 ਸਾਲ ਪਹਿਲਾਂ ਜਦੋਂ ਅੱਤਵਾਦੀ ਗਰੁੱਪ ਨੇ ਅਫਗਾਨਿਸਤਾਨ ‘ਤੇ ਕੰਟਰੋਲ ਹਾਸਲ ਕਰ ਲਿਆ ਸੀ, ਉਸ ਵੇਲੇ ਵੀ ਕੈਨੇਡਾ ਨੇ ਤਾਲਿਬਾਨ ਨੂੰ ਦੇਸ਼ ਦੀ ਸਰਕਾਰ ਵਜੋਂ ਮਾਨਤਾ ਨਹੀਂ ਦਿੱਤੀ ਸੀ। ਦੱਸ ਦਈਏ ਕਿ ਐਤਵਾਰ ਨੂੰ ਰਾਸ਼ਟਰਪਤੀ ਅਸ਼ਰਫ ਗਨੀ ਦੇ ਅਫਗਾਨਿਸਤਾਨ ਛੱਡਣ ਦੇ ਤੁਰੰਤ ਬਾਅਦ ਤਾਲਿਬਾਨ ਨੇ ਕਾਬੁਲ ਵਿਚ ਐਂਟਰੀ ਕੀਤੀ ਅਤੇ ਰਾਸ਼ਟਰਪਤੀ ਮਹਲ ‘ਤੇ ਕੰਟਰੋਲ ਹਾਸਲ ਕਰ ਲਿਆ। ਅੱਤਵਾਦੀ ਗਰੁੱਪ ਤਾਲਿਬਾਨ ਨੇ ਅਫਗਾਨ ਸਰਕਾਰ ‘ਤੇ ਆਪਣੀ ਜਿੱਤ ਦਾ ਐਲਾਨ ਕਰ ਦਿੱਤਾ। ਇਸ ਤੋਂ ਬਾਅਦ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਡਰ ਦਾ ਮਾਹੌਲ ਹੈ ਅਤੇ ਲੋਕ ਦੇਸ਼ ਛੱਡਣ ਲਈ ਏਅਰਪੋਰਟ ਵੱਲ ਦੌੜ ਪਏ।
ਉਥੇ ਹੀ ਤਾਲਿਬਾਨ ਨੇਤਾ ਦੋਹਾ ਵਿਚ ਭਵਿੱਖ ਦੀਆਂ ਸਰਕਾਰੀ ਯੋਜਨਾਵਾਂ ‘ਤੇ ਚਰਚਾ ਕਰ ਰਹੇ ਹਨ ਅਤੇ ਅਫਗਾਨਿਸਤਾਨ ਵਿਚ ਸਰਕਾਰ ਬਣਾਉਣ ਲਈ ਕੌਮਾਂਤਰੀ ਭਾਈਚਾਰੇ ਅਤੇ ਅੰਤਰ ਅਫਗਾਨ ਪਾਰਟੀਆਂ ਦੇ ਨਾਲ ਸੰਪਰਕ ਬਣਾਏ ਹੋਏ ਹਨ।ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਵਿਚ ਤਾਲਿਬਾਨ ਦੇ ਰਵੱਈਏ ‘ਤੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (ਯੂ.ਐੱਨ.ਐੱਸ.ਸੀ.) ਨੇ ਵੀ ਚਿੰਤਾ ਜ਼ਾਹਿਰ ਕੀਤੀ ਹੈ। ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਟੇਰਸ ਨੇ ਕਿਹਾ ਕਿ ਮੈਂ ਸਾਰੀਆਂ ਧਿਰਾਂ ਖਾਸ ਕਰ ਕੇ ਤਾਲਿਬਾਨ ਨੂੰ ਗੁਜ਼ਾਰਿਸ਼ ਕਰਦਾ ਹਾਂ ਕਿ ਉਹ ਲੋਕਾਂ ਦੇ ਜੀਵਨ ਦੀ ਰਾਖੀ ਕਰਨ ਲਈ ਸੰਜਮ ਵਰਤਣ ਅਤੇ ਮਨੁੱਖੀ ਲੋੜਾਂ ਨੂੰ ਪੂਰਾ ਕਰਨਾ ਯਕੀਨੀ ਕਰਨ।