ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦਾ 14ਵਾਂ ਸੈਸ਼ਨ ਕੋਰੋਨਾ ਵਾਇਰਸ ਦੀ ਭੇਟ ਚੜ੍ਹ ਗਿਆ। ਆਈ.ਪੀ.ਐੱਲ. ਵਿਚ ਕੋਰੋਨਾ ਦੀ ਐਂਟਰੀ ਪਿੱਛੋਂ ਬਾਇਓ ਬਬਲ ਵਿਚ ਕੀ ਮਾਹੌਲ ਸੀ ਇਸ ਦਾ ਖੁਲਾਸਾ ਰਾਜਸਥਾਨ ਰਾਇਲਸ ਦੇ ਆਲਰਾਊਂਡਰ ਕ੍ਰਿਸ ਮੋਰਿਸ ਨੇ ਕੀਤਾ ਹੈ।
ਕ੍ਰਿਸ ਮੋਰਿਸ ਨੇ ਕਿਹਾ ਕਿ ਬਾਇਓ ਬਬਲ ਵਿਚ ਕੋਵਿਡ-19 ਦੇ ਮਾਮਲੇ ਪਾਏ ਜਾਣ ਤੋਂ ਬਾਅਦ ਅਫਰਾਤਫਰੀ ਦਾ ਮਾਹੌਲ ਬਣ ਗਿਆ ਸੀ ਅਤੇ ਉਹ ਵਾਪਸ ਵਤਨ ਪਰਤ ਕੇ ਰਾਹਤ ਮਹਿਸੂਸ ਕਰ ਰਹੇ ਹਨ। ਆਈ.ਪੀ.ਐੱਲ. ਨੂੰ ਮੁਲਤਵੀ ਕੀਤੇ ਜਾਣ ਤੋਂ ਬਾਅਦ ਮੋਰਿਸ ਅਤੇ 10 ਹੋਰ ਦੱਖਣੀ ਅਫਰੀਕੀ ਖਿਡਾਰੀ ਮੁਲਕ ਪਰਤ ਗਏ ਹਨ। ਇਸ ਦੌਰਾਨ ਆਈ.ਪੀ.ਐੱਲ. ਵਿਚ 6 ਕੋਰੋਨਾ ਪਾਜੇਟਿਵ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ 2 ਕੋਚ ਅਤੇ 4 ਖਿਡਾਰੀ ਸ਼ਾਮਲ ਹਨ।
ਕ੍ਰਿਸ ਮੋਰਿਸ ਦੱਖਣੀ ਅਫਰੀਕਾ ਪਹੁੰਚ ਚੁੱਕੇ ਹਨ ਅਤੇ ਉਹ ਇਸ ਵੇਲੇ ਕੁਆਰੰਟੀਨ ਹਨ। ਉਨ੍ਹਾਂ ਦੱਸਿਆ ਕਿ ਫਿਲਹਾਲ ਇਸ ਵੇਲੇ ਮੈਂ ਰਾਹਤ ਮਹਿਸੂਸ ਕਰ ਰਿਹਾ ਹਾਂ। ਮੈਨੂੰ ਐਤਵਾਰ ਇਸ ਬਾਰੇ ਪਤਾ ਲੱਗ ਗਿਆ ਸੀ ਕਿ ਕੋਲਕਾਤਾ ਨਾਈਟ ਰਾਈਡਰਸ ਦੇ ਦੋ ਖਿਡਾਰੀ ਵਰੁਣ ਚੱਕਰਵਰਤੀ ਅਤੇ ਸੰਦੀਪ ਵਾਰੀਅਰ ਦੀ ਕੋਰੋਨਾ ਰਿਪੋਰਟ ਪਾਜੇਟਿਵ ਆਈ ਹੈ। ਕ੍ਰਿਸ ਮੋਰਿਸ ਨੇ ਕਿਹਾ ਕਿ ਸਾਨੂੰ ਜਿਵੇਂ ਹੀ ਪਤਾ ਲੱਗਾ ਕਿ ਬਾਇਓ ਬਬਲ ਅੰਦਰ ਖਿਡਾਰੀ ਪਾਜੇਟਿਵ ਪਾਏ ਗਏ ਹਨ ਤਾਂ ਸਭ ਨੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਸਾਨੂੰ ਸਭ ਨੂੰ ਚਿੰਤਾ ਹੋਣੀ ਸ਼ੁਰੂ ਹੋ ਗਈ ਸੀ ਅਤੇ ਅਸੀਂ ਸਾਰੇ ਸਹਿਮੇ ਹੋਏ ਸੀ।
ਮੋਰਿਸ ਨੇ ਕਿਹਾ ਸੋਮਵਾਰ ਤੱਕ ਜਦੋਂ ਉਨ੍ਹਾਂ ਨੇ ਉਹ ਮੈਚ (ਕੇ.ਕੇ.ਆਰ ਅਤੇ ਆਰ.ਸੀ.ਬੀ) ਮੁਲਤਵੀ ਕੀਤੀ ਉਦੋਂ ਤੱਕ ਸਾਨੂੰ ਪਤਾ ਲੱਗ ਗਿਆ ਸੀ ਕਿ ਟੂਰਨਾਮੈਂਟ ਜਾਰੀ ਰੱਖਣ ਲਈ ਦਬਾਅ ਬਣਿਆ ਹੋਇਆ ਹੈ, ਸਨਰਾਈਜ਼ਰਸ ਹੈਦਰਾਬਾਦ ਦੇ ਵਿਕਟਕੀਪਰ ਬੱਲੇਬਾਜ਼ ਰਿੱਧੀਮਾਨ ਸਾਹਾ ਅਤੇ ਦਿੱਲੀ ਕੈਪੀਟਲਸ ਦੇ ਅਮਿਤ ਮਿਸ਼ਰਾ ਦੇ ਮੰਗਲਵਾਰ ਨੂੰ ਪਾਜੇਟਿਵ ਪਾਏ ਜਾਣ ਤੋਂ ਬਾਅਦ ਆਈ.ਪੀ.ਐੱਲ. ਨੂੰ ਟਾਲ ਦਿੱਤਾ ਗਿਆ। ਚੇੱਨਈ ਸੁਪਰ ਕਿੰਗਜ਼ ਦੇ ਗੇਂਦਬਾਜੀ ਕੋਚ ਐੱਲ.ਬਾਲਾਜੀ ਕੋਚ ਮਾਈਕਲ ਹਸੀ ਦੀ ਵੀ ਕੋਰੋਨਾ ਰਿਪੋਰਟ ਪਾਜੇਟਿਵ ਆਈ ਸੀ।