ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਨੂੰ ਕਰੀਬ 14 ਹਜ਼ਾਰ ਕਰੋੜ ਰੁਪਏ ਦੀ ਸੌਗਾਤ ਦਿੱਤੀ ਅਤੇ ਵੀਡੀਓ ਕਾਨਫਰੰਸਿੰਗ ਰਾਹੀਂ 9 ਹਾਈਵੇ ਪ੍ਰੋਜੈਕਟ ਅਤੇ ਲਗਭਗ 46 ਹਜ਼ਾਰ ਪਿੰਡਾਂ ਨੂੰ ਆਪਟੀਕਲ ਫਾਇਬਰ ਨੈੱਟਵਰਕ ਨਾਲ ਜੋੜਨ ਲਈ ਫਾਇਬਰ ਯੋਜਨਾ ਦਾ ਉਦਘਾਟਨ ਕੀਤਾ। ਇਸ ਮੌਕੇ ਪੀਐਮ ਮੋਦੀ ਨੇ ਖੇਤੀ ਬਿੱਲਾਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਬਿੱਲ ਨਾਲ ਕਿਸਾਨਾਂ ਨੂੰ ਨਵੀਂ ਆਜ਼ਾਦੀ ਮਿਲ ਗਈ ਹੈ। ਹੁਣ ਜਿੱਥੇ ਕਿਸਾਨ ਚਾਹੁੰਣਗੇ ਆਪਣੀ ਫਸਲ ਵੇਚ ਸਕਣਗੇ। ਉਨ੍ਹਾਂ ਇਹ ਵੀ ਕਿਹਾ ਕਿ ਨਵੇਂ ਕਾਨੂੰਨਾਂ ਨਾਲ ਨਾ ਤਾਂ ਮੰਡੀਆਂ ਖਤਮ ਹੋਣਗੀਆਂ ਅਤੇ ਨਾ ਹੀ ਐਮਐਸਪੀ ਉੱਤੇ ਕੋਈ ਪ੍ਰਭਾਵ ਪਵੇਗਾ।
ਪ੍ਰਧਾਨਮੰਤਰੀ ਮੋਦੀ ਨੇ ਕਿਹਾ ”ਮੈਂ ਇੱਥੇ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਇਹ ਕਾਨੂੰਨ, ਇਹ ਬਦਲਾਅ ਖੇਤੀ ਮੰਡੀਆਂ ਲਈ ਨਹੀਂ ਹਨ। ਮੰਡੀਆਂ ਵਿਚ ਜਿਵੇਂ ਦਾ ਕੰਮ ਪਹਿਲਾਂ ਹੁੰਦਾ ਸੀ, ਹੁਣ ਵੀ ਅਜਿਹਾ ਹੀ ਹੋਵੇਗਾ। ਜੋ ਲੋਕ ਇਹ ਕਹਿ ਰਹੇ ਹਨ ਕਿ ਖੇਤੀ ਸੁਧਾਰਾਂ ਦੇ ਬਾਅਦ ਮੰਡੀਆਂ ਖਤਮ ਹੋ ਜਾਣਗੀਆਂ, ਉਹ ਕਿਸਾਨਾਂ ਨੂੰ ਸਰਾਸਰ ਝੂਠ ਬੋਲ ਰਹੇ ਹਨ”। ਪੀਐਮ ਮੋਦੀ ਨੇ ਕਿਹਾ ਕਿ ਖੇਤੀ ਸੈਕਟਰ ਦੇ ਇਨ੍ਹਾਂ ਇਤਿਹਾਸਿਕ ਬਦਲਾਵਾਂ ਨਾਲ ਕੁੱਝ ਲੋਕਾਂ ਨੂੰ ਆਪਣੇ ਹੱਥਾਂ ਤੋਂ ਕੰਟਰੋਲ ਜਾਂਦਾ ਹੋਇਆ ਵਿਖਾਈ ਦੇ ਰਿਹਾ ਹੈ। ਇਸ ਲਈ ਉਹ ਝੂਠ ਫੈਲਾ ਰਹੇ ਹਨ। ਹੁਣ ਇਹ ਲੋਕ ਐਮਐਸਪੀ ਉੱਤੇ ਕਿਸਾਨਾਂ ਨੂੰ ਗੁਮਰਾਹ ਕਰਨ ਵਿਚ ਜੁੱਟੇ ਹੋਏ ਹਨ। ਇਹ ਉਹੀ ਲੋਕ ਹਨ ਜਿਹੜੇ ਸਾਲਾਂ ਤੱਕ ਐਮਐਸਪੀ ਉੱਤੇ ਸਵਾਮੀਨਾਥਨ ਕਮੇਟੀ ਦੀਆਂ ਸਿਫਾਰਿਸ਼ਾਂ ਨੂੰ ਆਪਣੇ ਪੈਰਾਂ ਹੇਠਾਂ ਦਬਾਅ ਕੇ ਬੈਠੇ ਸਨ। ਉਨ੍ਹਾਂ ਕਿਹਾ ਕਿ ਨਵੇਂ ਖੇਤੀ ਸੁਧਾਰਾਂ ਨੇ ਕਿਸਾਨਾਂ ਨੂੰ ਇਹ ਆਜ਼ਾਦੀ ਦਿੱਤੀ ਹੈ ਕਿ ਉਹ ਕਿਸੇ ਨੂੰ ਵੀ, ਕਿਧਰੇ ਵੀ ਆਪਣੀ ਫਸਲ ਸ਼ਰਤਾਂ ਨਾਲ ਵੇਚ ਸਕਦੇ ਹਨ। ਉਸ ਨੂੰ ਜੇਕਰ ਮੰਡੀ ਵਿਚ ਜ਼ਿਆਦਾ ਲਾਭ ਮਿਲੇਗਾ ਤਾਂ ਉਹ ਆਪਣੀ ਫਸਲ ਉੱਥੇ ਵੇਚੇਗਾ। ਮੰਡੀ ਤੋਂ ਇਲਾਵਾ ਕਿਧਰੇ ਹੋਰ ਵੀ ਜ਼ਿਆਦਾ ਲਾਭ ਮਿਲ ਰਿਹਾ ਹੋਵੇਗਾ ਤਾਂ ਕਿਸਾਨ ਨੂੰ ਉੱਥੇ ਵੀ ਫਸਲ ਵੇਚਣ ਉੱਤੇ ਮਨਾਹੀ ਨਹੀਂ ਹੋਵੇਗੀ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਮੈਂ ਦੇਸ਼ ਦੇ ਹਰ ਕਿਸਾਨ ਨੂੰ ਇਸ ਗੱਲ ਦਾ ਭਰੋਸਾ ਦਿੰਦਾ ਹਾਂ ਕਿ ਐਮਐਸਪੀ ਦੀ ਵਿਵਸਥਾ ਜਿਵੇਂ ਪਹਿਲਾਂ ਚੱਲਦੀ ਆ ਰਹੀ ਸੀ, ਇਵੇਂ ਹੀ ਚੱਲਦੀ ਰਹੇਗੀ।