ਜਲੰਧਰ (ਇੰਟ.)- ਕੋਰੋਨਾ ਦੇ ਸੰਕਟ ਕਾਲ ਵਿਚ ਇਕ ਪਾਸੇ ਲੋਕ ਇਕ-ਦੂਜੇ ਦੀ ਹਰ ਸੰਭਵ ਮਦਦ ਕਰ ਰਹੇ ਹਨ। ਉਥੇ ਹੀ ਜਲੰਧਰ ਵਿਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਨੌਜਵਾਨ ਕੋਰੋਨਾ ਪਾਜ਼ੇਟਿਵ ਆਇਆ ਤਾਂ ਮਕਾਨ ਮਾਲਕ ਨੇ ਉਸ ਨੂੰ ਘਰੋਂ ਕੱਢ ਦਿੱਤਾ। ਉਸ ਨੂੰ ਠੀਕ ਹੋਣ ਤੱਕ ਵਾਪਸ ਨਾ ਪਰਤਣ ਨੂੰ ਕਹਿ ਦਿੱਤਾ। ਇਸ ਤੋਂ ਬਾਅਦ ਨੌਜਵਾਨ ਪੂਰਾ ਦਿਨ ਭਟਕਦਾ ਰਿਹਾ। ਕਿਸੇ ਸਮਾਜ ਸੇਵੀ ਸੰਗਠਨ ਰਾਹੀਂ ਉਸ ਨੇ ਆਪਣੀ ਗੱਲ ਐੱਸ.ਡੀ.ਐੱਮ. ਤੱਕ ਪਹੁੰਚਾਈ ਤਾਂ ਪੁਲਸ ਦੀ ਮਦਦ ਲੈ ਕੇ ਉਸ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।
ਨੌਜਵਾਨ ਨੇ ਦੱਸਿਆ ਕਿ ਉਹ ਸ਼ਾਹਕੋਟ ਦਾ ਰਹਿਣ ਵਾਲਾ ਹੈ ਪਰ ਪਿਛਲੇ ਇਕ ਸਾਲ ਤੋਂ ਲੁਹਾਰਾ ਵਿਚ ਕਿਰਾਏ ‘ਤੇ ਰਹਿ ਰਿਹਾ ਹੈ। ਉਹ ਕੋਰੀਅਰ ਡਿਲੀਵਰੀ ਦਾ ਕੰਮ ਕਰਦਾ ਹੈ। ਬੀਤੇ ਦਿਨ ਉਸ ਨੇ ਟੈਸਟ ਕਰਵਾਇਆ ਤਾਂ ਕੋਰੋਨਾ ਪਾਜ਼ੇਟਿਵ ਨਿਕਲਿਆ। ਰਾਤ ਤਾਂ ਉਹ ਘਰ ਵਿਚ ਹੀ ਰਿਹਾ ਪਰ ਇਸ ਸਬੰਧੀ ਮਕਾਨ ਮਾਲਕ ਨੂੰ ਪਤਾ ਲੱਗ ਗਿਆ। ਉਨ੍ਹਾਂ ਨੇ ਸਵੇਰੇ ਘਰੋਂ ਜਾਣ ਨੂੰ ਕਹਿ ਦਿੱਤਾ। ਉਸ ਨੇ ਕਾਫੀ ਸਮਝਾਇਆ ਕਿ ਉਹ ਆਪਣੇ ਹੀ ਕਮਰੇ ਵਿਚ ਰਹਿ ਲਵੇਗਾ ਪਰ ਉਹ ਮੰਨੇ ਨਹੀਂ। ਇਸ ਤੋਂ ਬਾਅਦ ਉਹ ਆਪਣਾ ਜ਼ਰੂਰੀ ਸਾਮਾਨ ਲੈ ਕੇ ਆ ਗਿਆ। ਇਸ ਤੋਂ ਬਾਅਦ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਤਾਂ ਉਸ ਨੇ ਆਪਣੇ ਜਾਣਕਾਰ ਐੱਨ.ਜੀ.ਓ. ਤੋਂ ਮਦਦ ਮੰਗੀ।
ਇਸ ਮਾਮਲੇ ਦਾ ਪਤਾ ਲੱਗਣ ਤੋਂ ਬਾਅਦ ਅਫਸਰਾਂ ਨੇ ਮਕਾਨ ਮਾਲਕ ਨੂੰ ਫਟਕਾਰ ਵੀ ਲਗਾਈ ਕਿ ਪੰਜਾਬ ਵਿਚ ਕਿੰਨੇ ਹੀ ਲੋਕ ਕਿਰਾਏ ‘ਤੇ ਰਹਿੰਦੇ ਹਨ। ਜੇਕਰ ਇੰਜ ਪਾਜ਼ੇਟਿਵ ਹੋਣ ‘ਤੇ ਉਨ੍ਹਾਂ ਨੂੰ ਘਰੋਂ ਕੱਢਦੇ ਰਹੇ ਤਾਂ ਫਿਰ ਹਾਲਾਤ ਕੀ ਹੋ ਜਾਣਗੇ? ਫਿਲਹਾਲ ਨੌਜਵਾਨ ਨੂੰ ਹੁਣ ਠੀਕ ਹੋਣ ਤੱਕ ਹਸਪਤਾਲ ਵਿਚ ਹੀ ਰਹਿਣਾ ਪਵੇਗਾ।