ਚੰਡੀਗੜ੍ਹ- ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਕਾਂਗਰਸ ਵਿਚ ਇਕ ਵੱਖਰਾ ਧੜਾ ਬਣਨ ਲੱਗਾ ਹੈ। ਪ੍ਰੇਸ਼ਾਨੀ ਦਾ ਸਬਬ ਇਹ ਹੈ ਕਿ ਇਸ ਧੜੇ ਵਿਚ ਕੈਪਟਨ ਦੇ ਕਈ ਕਰੀਬੀ ਵਿਧਾਇਕ ਅਤੇ ਮੰਤਰੀ ਵੀ ਜਾ ਰਹੇ ਹਨ। ਇਸ ਤੋਂ ਵੀ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਵੱਖ ਧੜੇ ਦੀਆਂ ਮੀਟਿੰਗਾਂ ਵਿਚ ਕੈਪਟਨ ਦੇ ਰਾਜਨੀਤਕ ਵਿਰੋਧੀ ਨਵਜੋਤ ਸਿੰਘ ਸਿੱਧੂ ਵੀ ਸ਼ਾਮਲ ਹੋ ਰਹੇ ਹਨ।
ਇਕ ਹਫਤੇ ਪਹਿਲਾਂ ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਮਨ ਨੂੰ ਤਲਾਸ਼ਣ ਦੀ ਜੋ ਮੀਟਿੰਗ ਕੀਤੀ ਸੀ ਉਸ ਤੋਂ ਇਹ ਆਸ ਬਣਨ ਲੱਗੀ ਸੀ ਕਿ ਆਉਣ ਵਾਲੇ ਦਿਨਾਂ ਵਿਚ ਕੁਝ ਨਾ ਕੁਝ ਹੋ ਕੇ ਰਹੇਗਾ। ਨਵੀਂ ਐੱਸ.ਆਈ.ਟੀ. ਬਣਾਉਣ ਦੀ ਫਾਈਲ ਮੁੱਖ ਮੰਤਰੀ ਕੋਲ ਗ੍ਰਹਿ ਵਿਭਾਗ ਨੇ ਇਕ ਹਫਤਾ ਪਹਿਲਾਂ ਭੇਜ ਦਿੱਤੀ ਸੀ। ਇਹ ਸਭ ਗੱਲਾਂ ਵਿਧਾਇਕਾਂ ਨੂੰ ਨਿਰਾਸ਼ ਕਰ ਰਹੀਆਂ ਹਨ। ਇਸ ਨੂੰ ਲੈ ਕੇ ਦੋ ਮੀਟਿੰਗਾਂ ਹੋਈਆਂ। ਜਿਸ ਵਿਚ ਇਕ ਪੰਚਕੂਲਾ ਵਿਚ ਹੋਈ ਦੱਸੀ ਜਾਂਦੀ ਹੈ। ਇਸ ਵਿਚ ਨਵਜੋਤ ਸਿੰਘ ਸਿੱਧੂ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤਕਨੀਕੀ ਸਿੱਖਿਆ ਮੰਤਰੀ ਚਰਣਜੀਤ ਸਿੰਘ ਚੰਨੀ, ਵਿਧਾਇਕ ਕੁਸ਼ਲਦੀਪ ਢਿੱਲੋਂ, ਪਰਗਟ ਸਿੰਘ, ਬਰਿੰਦਰਜੀਤ ਸਿੰਘ ਪਾਹੜਾ ਅਤੇ ਫਤਿਹਜੰਗ ਬਾਜਵਾ ਵੀ ਸ਼ਾਮਲ ਸਨ।
ਇੰਝ ਨਹੀਂ ਹੈ ਕਿ ਇਸ ਤਰ੍ਹਾਂ ਦੀ ਮੀਟਿੰਗ ਵਿਧਾਇਕਾਂ ਅਤੇ ਮੰਤਰੀਆਂ ਵਿਚ ਪਹਿਲੀ ਵਾਰ ਹੋਈ ਹੈ। ਸਰਕਾਰ ਦੇ ਸ਼ੁਰੂ ਦੇ ਸਾਲ ਵਿਚ ਵੀ 40 ਵਿਧਾਇਕਾਂ ਦੀ ਮੀਟਿੰਗ ਇਸੇ ਮੁੱਦੇ ‘ਤੇ ਹੋਈ ਸੀ, ਪਰ ਕੈਪਟਨ ਨੇ ਇਸ ਨੂੰ ਸ਼ਾਂਤ ਕਰ ਲਿਆ। ਸਰਕਾਰ ਦੇ ਤੀਜੇ ਸਾਲ ਵਿਚ ਜਦੋਂ ਇਕ ਵਾਰ ਫਿਰ ਇਹ ਅੱਗ ਭੱਖਣ ਲੱਗੀ ਤਾਂ ਕੁਝ ਵਿਧਾਇਕਾਂ ਨੂੰ ਆਪਣਾ ਸਲਾਹਕਾਰ ਬਣਾ ਕੇ ਇਸ ਨੂੰ ਸ਼ਾਂਤ ਕਰ ਲਿਆ। ਹੁਣ ਸਰਕਾਰ ਦੇ ਅੰਤਿਮ ਸਾਲ ਵਿਚ ਇਕ ਵਾਰ ਫਿਰ ਤੋਂ ਮਾਮਲਾ ਭੱਖਦਾ ਜਾ ਰਿਹਾ ਹੈ।
ਦਰਅਸਲ ਗੱਲ ਸਿਰਫ ਅਤੇ ਸਿਰਫ ਬੇਅਦਬੀ ਮਾਮਲੇ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਨਹੀਂ ਹੈ। ਕਾਂਗਰਸ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਪ੍ਰਾਈਵੇਟ ਸੈਕਟਰ ਤੋਂ ਹੋਏ ਬਿਜਲੀ ਸਮਝੌਤਿਆਂ ਨੂੰ ਵੀ ਰੱਦ ਕਰਨ ਦਾ ਵਾਅਦਾ ਕੀਤਾ ਸੀ ਤਾਂ ਜੋ ਆਮ ਲੋਕਾਂ ਨੂੰ ਸਸਤੀ ਬਿਜਲੀ ਮਿਲ ਸਕੇ, ਪਰ ਇਹ ਵਾਅਦਾ ਵੀ ਪੂਰਾ ਨਹੀਂ ਕੀਤਾ। ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਮਹਿੰਗੀ ਬਿਜਲੀ ਨੂੰ ਹੀ ਮੁੱਦਾ ਬਣਾਇਆ ਹੋਇਆ ਹੈ ਜੋ ਆਮ ਲੋਕਾਂ ਨੂੰ ਕਾਫੀ ਅਪੀਲ ਕਰ ਰਿਹਾ ਹੈ।