ਬਠਿੰਡਾ ਵਿੱਚ ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਪੈਂਦੇ ਕਸਬਾ ਰਾਮਪੁਰ ਫੂਲ ਵਿੱਚ ਭਿਆਨਕ ਸੜਕ ਹਾਦਸਾ ਵਾਪਰ ਗਿਆ। ਪਿਓ-ਪੁੱਤ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਰਾਮਪੁਰ ਓਵਰਬ੍ਰਿਜ ਨੇੜੇ ਇਕ ਕਾਰ ਸੜਕ ‘ਤੇ ਖੜ੍ਹੇ ਟਿੱਪਰ ਦੇ ਪਿੱਛੇ ਜਾ ਵੱਜੀ। ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਸਫੈਦ ਰੰਗ ਦੀ ਆਈ-20 ਕਾਰ ਬਰਨਾਲਾ ਤੋਂ ਬਠਿੰਡਾ ਵੱਲ ਆ ਰਹੀ ਸੀ। ਜਿਵੇਂ ਹੀ ਕਾਰ ਰਾਮਪੁਰਾ ਫੂਲ ਦੇ ਓਵਰਬ੍ਰਿਜ ਤੋਂ ਪਾਰ ਹੋਈ ਤਾਂ ਅਚਾਨਕ ਸੜਕ ‘ਤੇ ਖੜ੍ਹੇ ਟਿੱਪਰ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ।
ਦੋ ਦੀ ਮੌਕੇ ‘ਤੇ ਹੀ ਮੌਤ
ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਕਾਰ ਦੇ ਡਰਾਈਵਰ ਤੇ ਕੰਡਕਟਰ ਸੀਟ ‘ਤੇ ਬੈਠੇ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਪਿਛਲੀ ਸੀਟ ‘ਤੇ ਬੈਠੇ ਵਿਅਕਤੀ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਰਾਮਪੁਰ ਪਹੁੰਚਾਇਆ ਗਿਆ। ਜਿੱਥੇ ਉਸ ਦੀ ਵੀ ਰਸਤੇ ਵਿੱਚ ਹੀ ਮੌਤ ਹੋ ਗਈ।
ਹਾਦਸੇ ‘ਚ ਕਾਰ ਟਿੱਪਰ ਪਿੱਛੇ ਫਸ ਗਈ, ਜਿਸ ਨੂੰ ਲੋਕਾਂ ਨੇ ਬਾਹਰ ਕੱਢਿਆ ਅਤੇ ਕਰੀਬ ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਲਾਸ਼ਾਂ ਨੂੰ ਕਾਰ ‘ਚੋਂ ਬਾਹਰ ਕੱਢਿਆ ਗਿਆ। ਉਹ ਬਿਊਟੀ ਪਾਰਲਰ ਵਿੱਚ ਵਰਤੀਆਂ ਜਾਣ ਵਾਲੀਆਂ ਵਸਤੂਆਂ ਲੈ ਕੇ ਆ ਰਹੇ ਸੀ। ਮ੍ਰਿਤਕਾਂ ਦੀ ਪਛਾਣ ਹਿਮਾਂਸ਼ੂ ਵਾਸੀ ਬਠਿੰਡਾ, ਉਸ ਦੇ ਪਿਤਾ ਸਤੀਸ਼ ਕੁਮਾਰ ਵਾਸੀ ਨਵੀਂ ਬਸਤੀ ਬਠਿੰਡਾ ਅਤੇ ਦੋਸਤ ਵਿਕਰਮ ਵਾਸੀ ਮਸਜਿਦ ਵਾਲੀ ਗਲੀ ਬਠਿੰਡਾ ਵਜੋਂ ਹੋਈ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।