Punjab Police : Reels ਬਣਾਉਣ ਦਾ ਖੁਮਾਰ ਲੋਕਾਂ ਉਤੇ ਇਸ ਕਦਰ ਚੜ੍ਹ ਗਿਆ ਹੈ ਕਿ ਨਾ ਥਾਂ ਵੇਖਦੇ ਨਾ ਸਮਾਂ ਬਸ ਰੀਲ ਬਣਾਉਣ ਲੱਗ ਜਾਂਦੇ ਹਨ। ਕਈ ਵਾਰ ਅਜਿਹਾ ਕਰਨਾ ਕਈਆਂ ਉਤੇ ਭਾਰੀ ਵੀ ਪਿਆ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਤੋਂ। ਇੱਥੇ ਇਕ ਕੁੜੀ ਨੇ ਥਾਣੇ ਦੇ ਅੰਦਰ ਹੀ ਰੀਲ ਬਣਾ ਲਈ। ਮਗਰੋਂ ਰੀਲ ਉਪਲ ਗਾਣਾ ਲਾਇਆ, ‘ਬਿੰਦੀ ਜੌਹਲ ਵਾਂਗੂ ਫਿਰਦਾ ਏਅਰਪੋਰਟਾਂ ‘ਤੇ….ਹੋਣ ਨਹੀਂ ਦਿੰਦਾ ਅੰਦਰ ਵਕੀਲ….।’ ਕੁੜੀ ਨੇ ਇਸ ਰੀਲ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਅਪਲੋਡ ਕਰ ਦਿੱਤਾ, ਜੋ ਤੇਜ਼ੀ ਨਾਲ ਵਾਇਰਲ ਹੋ ਗਈ।
ਪੰਜਾਬ ਪੁਲਿਸ ਦੇ ਥਾਣੇ ਵਿੱਚ ਬਣਾਈ ਗਈ ਰੀਲ ਵਾਇਰਲ ਹੋਣ ਤੋਂ ਬਾਅਦ ਪੁਲਿਸ ਵਿਭਾਗ ‘ਚ ਹਫੜਾ ਦਫੜੀ ਮਚ ਗਈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਕਾਨੂੰਨ ਦੇ ਲੰਮੇ ਹੱਥ ਜਦੋਂ ਕੁੜੀ ਤਕ ਪਹੁੰਚੇ ਤਾਂ ਪੁਲਿਸ ਮੁਲਾਜ਼ਮਾਂ ਨੇ ਉਸ ਤਕ ਪਹੁੰਚ ਕੀਤੀ। ਉਸ ਕੋਲੋਂ ਰੀਲ ਬਣਾਉਣ ਦਾ ਕਾਰਨ ਪੁੱਛਿਆ ਤਾਂ ਉਹ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੀ।
ਇਸ ਦੌਰਾਨ ਇਹ ਮਾਮਲਾ ਸੀਨੀਅਰ ਅਧਿਕਾਰੀਆਂ ਦੇ ਸਾਹਮਣੇ ਆਇਆ, ਜਿਸ ਤੋਂ ਬਾਅਦ ਕੁੜੀ ਨੇ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਸੋਸ਼ਲ ਮੀਡੀਆ ਪੇਜ਼ ‘ਤੇ ਆਪਣੀ ਬਣੀ ਗਈ ਰੀਲ ਲਈ ਮੁਆਫ਼ੀ ਮੰਗੀ।
ਸੋਸ਼ਲ ਮੀਡੀਆ ‘ਤੇ ਪੋਸਟ ਕਰਨ ਤੋਂ ਪਹਿਲਾਂ ਸੋਚੋ! ਪੰਜਾਬ ਪੁਲਿਸ ਨਕਾਰਾਤਮਕ ਪ੍ਰਭਾਵ ਪਾਉਣ ਵਾਲੇ ਸਾਰੇ ਵੀਡੀਓਜ਼ ਨੂੰ ਦੇਖ ਰਹੀ ਹੈ ਅਤੇ ਕਾਰਵਾਈ ਕਰ ਰਹੀ ਹੈ। ਸਕਾਰਾਤਮਕਤਾ ਫੈਲਾਓ, ਨਕਾਰਾਤਮਕਤਾ ਨਹੀਂ। pic.twitter.com/ipGIrxLGcr
— Commissioner of Police, Ludhiana (@Ludhiana_Police) June 19, 2024
ਇਸ ਮੌਕੇ ਕੁੜੀ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰਾਂ ਨਾਲ ਥਾਣਾ ਹੈਬੋਵਾਲ ਵਿਖੇ ਸ਼ਿਕਾਇਤ ਦਰਜ ਕਰਵਾਉਣ ਆਈ ਸੀ। ਇਸ ਦੌਰਾਨ ਉਸ ਨੇ ਇੱਕ ਵੀਡੀਓ ਬਣਾ ਕੇ ਆਪਣੇ ਪੇਜ ‘ਤੇ ਅਪਲੋਡ ਕਰ ਦਿੱਤੀ ਜੋ ਕਿ ਵਾਇਰਲ ਹੋ ਗਈ। ਕੁੜੀ ਨੇ ਕਿਹਾ ਕਿ ਇਸ ਵਿੱਚ ਉਸ ਦੀ ਗ਼ਲਤੀ ਹੈ ਤੇ ਉਹ ਅੱਗੇ ਤੋਂ ਕਦੇ ਵੀ ਅਜਿਹੀ ਵੀਡੀਓ ਨਹੀਂ ਬਣਾਏਗੀ।