ਜਲੰਧਰ ਦੇ ਨਕੋਦਰ ‘ਚ ਖਾਕੀ ਮੁੜ ਦਾਗਦਾਰ ਹੋ ਗਈ। ਪੰਜਾਬ ਪੁਲਿਸ ਮੁਲਾਜ਼ਮਾਂ ਨੇ ਹੀ ਸਾਥੀਆਂ ਨਾਲ ਮਿਲ ਕੇ ਇਥੋਂ ਦੇ ਇਕ ਅਕਾਲੀ ਦਲ ਦੇ ਸਾਬਕਾ ਕੌਂਸਲਰ ਦੇ ਪੁੱਤਰ ਨੂੰ ਕਾਰ ਵਿਚ ਅਗਵਾ ਕਰ ਲਿਆ। ਨਾਜਾਇਜ਼ ਹਿਰਾਸਤ ਵਿੱਚ ਰੱਖ ਕੇ 50 ਹਜ਼ਾਰ ਰੁਪਏ ਫਿਰੌਤੀ ਵੀ ਮੰਗੀ। ਕਰੀਬ 8 ਘੰਟਿਆਂ ਬਾਅਦ ਲੜਕੇ ਨੂੰ ਨਕੋਦਰ-ਜਲੰਧਰ ਰੋਡ ‘ਤੇ ਛੱਡ ਕੇ ਫਿਰ ਫਰਾਰ ਹੋ ਗਏ।
ਸਿਟੀ ਪੁਲਿਸ ਨੂੰ ਦਿੱਤੇ ਬਿਆਨ ‘ਚ ਭਗਵਾਨ ਸਿੰਘ ਪਰੂਥੀ ਸਾਬਕਾ ਕੌਂਸਲਰ ਨੇ ਦੱਸਿਆ ਕਿ ਬੀਤੇ ਕੱਲ੍ਹ ਉਨ੍ਹਾਂ ਦਾ ਲੜਕਾ ਨਵਜੋਤ ਸਿੰਘ ਪਰੂਥੀ ਉਰਫ਼ ਮਨੀ ਵਕਤ ਕਰੀਬ 10:30 ਵਜੇ ਸਵੇਰੇ ਨਿੱਜੀ ਕੰਮ ਲਈ ਬਾਜ਼ਾਰ ਗਿਆ ਸੀ। ਕਰੀਬ 11:10 ਵਜੇ ਲੜਕੇ ਨਵਜੋਤ ਦੇ ਮੋਬਾਈਲ ਤੋਂ ਵਟਸਐਪ ਕਾਲ ਉਸ ਦੇ ਮੋਬਾਈਲ ‘ਤੇ ਆਈ ਅਤੇ ਕਿਹਾ ਕਿ ਤੁਹਾਡਾ ਲੜਕਾ ਅਸੀਂ ਨਸ਼ਾ ਕਰਦਾ ਫੜ ਲਿਆ ਹੈ। ਅਜੇ ਗੱਲ ਸਾਡੇ ਤੱਕ ਹੀ, ਅਸੀਂ ਇਥੇ ਹੀ ਨਿਬੇੜ ਦੇਵਾਂਗੇ। ਉਨ੍ਹਾਂ ਨੇ 50 ਹਜ਼ਾਰ ਰੁਪਏ ਦੀ ਮੰਗ ਕੀਤੀ। ਮੁਲਜ਼ਮਾਂ ਨੇ 50 ਹਜ਼ਾਰ ਰੁਪਏ ਲੈ ਕੇ ਮਾਲੜੀ ਨਜਦੀਕ ਤਾਜ ਸਿਟੀ ਕਾਲੋਨੀ ਨਕੋਦਰ ਕੋਲ ਪਹੁੰਚਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਪੈਸਿਆਂ ਦਾ ਇੰਤਜ਼ਾਮ ਕਰ ਕੇ ਵੱਡੇ ਲੜਕੇ ਨੂੰ ਨਾਲ ਲੈ ਕੇ ਦੱਸੀ ਜਗ੍ਹਾ ‘ਤੇ ਉਹ ਆਪਣੀ ਗੱਡੀ ਵਿੱਚ ਪਹੁੰਚ ਗਏ। ਉਸ ਵਿਅਕਤੀ ਨੇ ਫਿਰ ਕਾਲ ਕੀਤੀ ਅਤੇ ਕਿਹਾ ਕਿ ਤੁਸੀਂ ਇਥੇ ਹੀ ਰੁਕੋ। ਮੈਂ ਆਪਣੇ ਦੋ ਸਾਥੀਆਂ ਨੂੰ ਮੋਟਰਸਾਈਕਲ ‘ਤੇ ਭੇਜ ਰਿਹਾ ਹਾਂ। ਫਿਰ ਕੁਝ ਦੇਰ ਬਾਅਦ ਦੋ ਨੌਜਵਾਨ ਇਕ ਮੋਟਰਸਾਈਕਲ ਡਿਸਕਵਰ ਬਿਨ੍ਹਾਂ ਨੰਬਰੀ ‘ਤੇ ਸਵਾਰ ਹੋ ਕੇ ਮਾਲੜੀ ਪਿੰਡ ਵੱਲੋਂ ਆਏ। ਜੋ ਸਾਡੀ ਗੱਡੀ ਤੋਂ ਕਰੀਬ 50 ਮੀਟਰ ਦੀ ਦੂਰੀ ‘ਤੇ ਰੁਕ ਗਏ। ਫਿਰ ਉਸ ਵਿਅਕਤੀ ਨੇ ਮੇਰੇ ਲੜਕੇ ਦੇ ਮੋਬਾਈਲ ਫੋਨ ਤੋਂ ਵ੍ਹਟਸਐਪ ਕਾਲ ਕਰ ਕੇ ਕਿਹਾ ਕਿ ਗੱਡੀ ਵਿੱਚੋਂ ਬਾਹਰ ਨਿਕਲ ਕੇ ਪੈਸੇ ਇਨ੍ਹਾਂ ਨੂੰ ਫੜਾ ਦਿਓ।
ਇੰਨਾ ਕਹਿਣ ਉਤੇ ਉਨ੍ਹਾਂ ਨੂੰ ਸ਼ੱਕ ਹੋਇਆ ਤੇ ਉਹ ਮੋਟਰਸਾਈਕਲ ਜਲੰਧਰ ਵਾਲੀ ਸਾਈਡ ਭਜਾ ਕੇ ਲੈ ਗਏ। ਫਿਰ ਉਹ ਪਰਿਵਾਰ ਸਮੇਤ ਆਪਣੇ ਲੜਕੇ ਨਵਜੋਤ ਸਿੰਘ ਪਰੂਥੀ ਦੀ ਭਾਲ ਕਰਦੇ ਰਹੇ। ਕਰੀਬ 8 ਘੰਟਿਆਂ ਬਾਅਦ ਸ਼ਾਮ 7 ਵਜੇ ਉਕਤ ਵਿਆਕਤੀ ਉਸ ਦੇ ਲੜਕੇ ਨੂੰ ਨਕੋਦਰ-ਜਲੰਧਰ ਰੋਡ ‘ਤੇ ਪਿੰਡ ਆਲੋਵਾਲ ਗੇਟ ‘ਤੇ ਛੱਡ ਕੇ ਫਰਾਰ ਹੋ ਗਏ।
ਫਿਰ ਪੁੱਤ ਦਾ ਆਇਆ ਫੋਨ
ਲੜਕੇ ਨੇ ਘਬਰਾਏ ਹੋਏ ਨੇ ਸਾਨੂੰ ਫੋਨ ਕੀਤਾ ਅਤੇ ਘਰ ਆ ਕੇ ਦੱਸਿਆ ਕਿ ਉਸ ਨੂੰ ਸਥਾਨਕ ਦੱਖਣੀ ਚੌਂਕ ਵਿਚੋਂ ਤਿੰਨ ਨੌਜਵਾਨ ਸਵਿੱਫਟ ਕਾਰ ਵਿੱਚ ਨਕੋਦਰ ਤੋਂ ਪੈਟਰੋਲ ਪੰਪ ਪਿੰਡ ਮੁੱਧ ਲੈ ਕੇ ਗਏ ਸਨ, ਜਿੱਥੋਂ ਫਿਰ ਉਸ ਨੂੰ ਜਲੰਧਰ ਲੈ ਗਏ ਸਨ। ਤਿੰਨ ਅਗਵਾਕਾਰਾਂ ਵਿੱਚੋਂ ਇਕ ਨੌਜਵਾਨ ਰੋਹਿਤ ਗਿੱਲ ਜੋ ਪੰਜਾਬ ਹੋਮ ਗਾਰਡ ਦਾ ਮੁਲਾਜ਼ਮ ਹੈ ਅਤੇ ਨਕੋਦਰ ਕਚਹਿਰੀ ਵਿਖੇ ਡਿਊਟੀ ਕਰਦਾ ਹੈ। ਲੜਕੇ ਨੇ ਦੱਸਿਆ ਕਿ ਉਹ ਆਪਸ ਵਿੱਚ ਰੋਹਿਤ ਗਿੱਲ, ਗੁਰਪ੍ਰੀਤ ਗੋਪੀ ਅਤੇ ਜੈਕਬ ਨਾਮ ਲੈ ਕੇ ਗੱਲਾਂ ਕਰਦੇ ਸਨ। ਇਨ੍ਹਾਂ ਨੇ ਲੜਕੇ ਨੂੰ ਧਮਕੀਆਂ ਦਿੱਤੀਆਂ ਕਿ ਜੇਕਰ ਤੂੰ ਇਸ ਸਬੰਧੀ ਪੁਲਿਸ ਨੂੰ ਇਤਲਾਹ ਦਿੱਤੀ ਤਾਂ ਤੇਰਾ ਨੁਕਸਾਨ ਕਰਾਂਗੇ।
2 ਹੋਮਗਾਰਡ ਦੇ ਮੁਲਾਜ਼ਮਾਂ ਤੇ ਇਕ ਹੋਰ ਖਿ਼ਲਾਫ਼ ਮਾਮਲਾ ਦਰਜ : ਐੱਸਪੀ ਮੁਖਤਿਆਰ ਰਾਏ
ਐੱਸਪੀ ਹੈੱਡਕੁਆਰਟਰ ਮੁਖਤਿਆਰ ਰਾਏ ਨੇ ਦੱਸਿਆ ਕਿ ਭਗਵਾਨ ਸਿੰਘ ਪਰੂਥੀ ਸਾਬਕਾ ਕੌਂਸਲਰ ਦੇ ਬਿਆਨਾਂ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਰੋਹਿਤ ਗਿੱਲ, ਗੁਰਪ੍ਰੀਤ ਗੋਪੀ ਅਤੇ ਜੈਕਬ ਖ਼ਿਲਾਫ਼ ਥਾਣਾ ਸਿਟੀ ਨਕੋਦਰ ਵਿਖੇ ਮਾਮਲਾ ਦਰਜ ਕਰ ਲਿਆ ਹੈ। ਰੋਹਿਤ ਗਿੱਲ, ਜੋ ਪੰਜਾਬ ਹੋਮ ਗਾਰਡ ਦਾ ਮੁਲਾਜ਼ਮ ਹੈ ਅਤੇ ਨਕੋਦਰ ਕਚਹਿਰੀ ਵਿਖੇ ਡਿਊਟੀ ਕਰਦਾ ਹੈ, ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗੁਰਪ੍ਰੀਤ ਗੋਪੀ ਵੀ ਪੰਜਾਬ ਹੋਮ ਗਾਰਡ ਦਾ ਮੁਲਾਜ਼ਮ ਹੈ ਅਤੇ ਅਪਣੇ ਸਾਥੀ ਜੈਕਬ ਸਮੇਤ ਫਰਾਰ ਹੈ। ਪੁਲਿਸ ਵੱਲੋਂ ਉਨ੍ਹਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।