ਅੰਮ੍ਰਿਤਸਰ : ਕਾਂਗਰਸ ਪਾਰਟੀ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲੋਕ ਸਭਾ ਚੋਣਾਂ ਲਈ ਜਲੰਧਰ ਤੋਂ ਮੈਦਾਨ ਵਿਚ ਉਤਾਰਿਆ ਹੈ। ਟਿਕਟ ਮਿਲਣ ਮਗਰੋਂ ਉਹ ਸਾਥੀਆਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਤੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਲਿਆ। ਇਸ ਦੌਰਾਨ ਚੰਨੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਦੋਆਬੇ ਵਿਚ ਜਲੰਧਰ ਤੋਂ ਸੇਵਾ ਕਰਨ ਦਾ ਮੌਕਾ ਦਿੱਤਾ ਹੈ, ਉਸ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਆਏ ਹਾਂ। ਮੈਂ ਸੇਵਕ ਬਣ ਕੇ ਜਲੰਧਰ ਤੇ ਦੋਆਬੇ ਵਿਚ ਮਾਲਕਾਂ ਕੋਲ ਜਾਣਾ ਹੈ। ਜਿਸ ਤਰ੍ਹਾਂ ਸੁਦਾਮਾ ਆਪਣੇ ਕ੍ਰਿਸ਼ਨ ਕੋਲ ਗਿਆ ਤੇ ਕ੍ਰਿਸ਼ਨ ਨੇ ਉਸ ਨੂੰ ਨਿਵਾਜਿਆ ਹੈ, ਮੈਂ ਉਸੇ ਤਰੀਕੇ ਸੁਦਾਮਾ ਬਣ ਕੇ ਜਲੰਧਰ ਜਾ ਰਿਹਾ ਹਾਂ, ਮੈਂ ਜਲੰਧਰ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਸ਼੍ਰੀ ਕ੍ਰਿਸ਼ਨ ਬਣ ਕੇ ਸੰਭਾਲੋ। ਇਹੀ ਅਰਦਾਸ ਅੱਜ ਮੈਂ ਸ੍ਰੀ ਹਰਿਮੰਦਰ ਸਾਹਿਬ ਆ ਕੇ ਕੀਤੀ ਹੈ ਕਿ ਵਾਹਿਗੁਰੂ ਜੀ ਮੈਨੂੰ ਲੋਕਾਂ ਦੀ ਸੇਵਾ ਕਰਨ ਦਾ ਬਲ ਦੇਣ।
ਉਨ੍ਹਾਂ ਸੁਸ਼ੀਲ ਕੁਮਾਰ ਰਿੰਕੂ ਅਤੇ ਪਵਨ ਕੁਮਾਰ ਟੀਨੂੰ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਇਕ ਵਾਰ ਦਿਹਲੀਜ਼ ਟੱਪੇ ਹੋਏ ਦਾ ਪਤਾ ਨਹੀਂ ਉਸ ਨੇ ਕਿੰਨੀਆਂ ਦਿਹਲੀਜ਼ਾਂ ਟੱਪਣੀਆਂ ਹਨ। ਇਸ ਲਈ ਇਨ੍ਹਾਂ ਲੋਕਾਂ ‘ਤੇ ਵਿਸ਼ਵਾਸ ਨਹੀਂ ਜਿਹੜੇ ਆਪ ਹੀ ਗੱਦਾਰੀ ਤੇ ਧੋਖੇ ਕਰ ਕੇ ਆਪਣੀ ਮਾਂ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਵਿਚ ਜਾਂਦੇ ਨੇ, ਦੂਜੀ ਤੋਂ ਤੀਜੀ ਵਿਚ ਜਾਂਦੇ ਨੇ, ਇਨ੍ਹਾਂ ਲੋਕਾਂ ‘ਤੇ ਪੰਜਾਬ ਦੇ ਲੋਕ ਕਿਸ ਤਰ੍ਹਾਂ ਵਿਸ਼ਵਾਸ ਕਰ ਸਕਦੇ ਹਨ। ਸਾਨੂੰ ਧੋਖੇਬਾਜ਼ਾਂ ਤੋਂ ਬਚਣਾ ਪੈਣਾ ਹੈ।
ਜਦੋਂ ਮੈਂ ਖਰੜ ਤੋਂ ਚਮਕੌਰ ਸਾਹਿਬ ਗਿਆ ਸੀ ਤਾਂ ਲੋਕਾਂ ਨੇ ਮੈਨੂੰ ਉੱਥੋਂ ਆਜ਼ਾਦ ਉਮੀਦਵਾਰ ਵਜੋਂ ਜਿਤਾਇਆ ਸੀ। ਮੈਂ ਉੱਥੇ ਵੀ ਲੋਕਾਂ ਦੀ ਸੇਵਾ ਕੀਤੀ। ਚੰਨੀ ਨੇ ਚਮਕੌਰ ਸਾਹਿਬ ਵਿਖੇ ਕਰਵਾਏ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਵਿਕਾਸ ਦਾ ਸ਼ੌਂਕ ਹੈ ਤੇ ਮੈਂ ਉਹੀ ਸ਼ੌਂਕ ਲੈ ਕੇ ਮੈਂ ਜਲੰਧਰ ਆ ਰਿਹਾ ਹਾਂ। ਉਨ੍ਹਾਂ ਜਲੰਧਰ ਦੇ ਲੋਕਾਂ ਨੂੰ ਬੇਨਤੀ ਕੀਤੀ ਕਿ, “ਤੁਸੀਂ ਮੈਨੂੰ ਗੋਦ ਲੈ ਲਓ, ਮੈਂ ਤੁਹਾਡਾ ਹੋਣ ਲਈ ਆ ਰਿਹਾ ਹਾਂ। ਕਦੇ ਮੇਰੇ ਬਜ਼ੁਰਗ ਦੋਆਬੇ ਵਿਚ ਰਹਿੰਦੇ ਸੀ। ਮੇਰੇ ਗੋਤ ਦੇ ਜਠੇਰੇ ਜਲੰਧਰ ਵਿਚ ਨੇ, ਮੇਰੇ ਬਜ਼ੁਰਗ ਜਲੰਧਰ ਵਿਚੋਂ ਉੱਠ ਕੇ ਗਏ ਹੋਏ ਹਨ। ਮੈਂ ਫ਼ਿਰ ਉਸੇ ਧਰਤੀ ‘ਤੇ ਜਾ ਰਿਹਾ ਹਾਂ, ਉਹ ਧਰਤੀ ਮੈਨੂੰ ਨਿਵਾਜੇ, ਇਹੀ ਮੇਰੀ ਅਰਦਾਸ ਹੈ।”
ਜਲੰਧਰ ਤੋਂ ਟਿਕਟ ਮਿਲਣ ਮਗਰੋਂ ਚਰਨਜੀਤ ਚੰਨੀ ਸ੍ਰੀ ਦਰਬਾਰ ਸਾਹਿਬ ਨਤਮਸਤਕ, ਰਿੰਕੂ ਤੇ ਟੀਨੂੰ ਉਤੇ ਸਾਧਿਆ ਨਿਸ਼ਾਨਾ, ਕਿਹਾ, ਦਲ ਬਦਲੂਆਂ ਉਤੇ ਕਿਵੇਂ ਵਿਸ਼ਵਾਸ ਕਰਨਗੇ ਲੋਕ
ਅੰਮ੍ਰਿਤਸਰ : ਕਾਂਗਰਸ ਪਾਰਟੀ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲੋਕ ਸਭਾ ਚੋਣਾਂ ਲਈ ਜਲੰਧਰ ਤੋਂ ਮੈਦਾਨ ਵਿਚ ਉਤਾਰਿਆ ਹੈ। ਟਿਕਟ ਮਿਲਣ ਮਗਰੋਂ…
