ਜਲੰਧਰ- ਸ਼ਹਿਰ ਵਿਚ ਇਕ ਪਤੀ-ਪਤਨੀ ਦੇ ਵਿਵਾਦ ਦਾ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਜਲੰਧਰ ਦੀ ਰਹਿਣ ਵਾਲੀ ਪਤਨੀ ਨੇ ਦੋਸ਼ ਲਗਾਇਆ ਹੈ ਕਿ ਉਸ ਦਾ ਪਤੀ ਸਮਲਿੰਗੀ ਹੈ ਅਤੇ ਆਪਣੇ ਇਕ ਦੋਸਤ ਨਾਲ ਉਹ ਵਿਆਹ ਵੀ ਕਰਵਾ ਚੁੱਕਾ ਹੈ। ਇੰਨਾ ਹੀ ਨਹੀਂ ਪੀੜਤ ਪਤਨੀ ਨੇ ਦੋਸ਼ੀ ਪਤੀ ਦੀ ਆਪਣੇ ਦੋਸਤ ਨਾਲ ਵਿਆਹ ਦੀ ਫੋਟੋ ਵੀ ਪੁਲਸ ਨੂੰ ਸੌਂਪੀ ਹੈ।
ਪੀੜਤਾ ਦੀ ਸ਼ਿਕਾਇਤ ‘ਤੇ ਸ਼ੁਰੂਆਤੀ ਜਾਂਚ ਕਰਨ ਤੋਂ ਬਾਅਦ ਪੁਲਸ ਨੇ ਲੁਧਿਆਣਾ ਦੇ ਜੋਧੇਵਾਲ ਵਾਸੀ ਦੋਸ਼ੀ ਪਤੀ, ਸੱਸ ਅਤੇ ਸਹੁਰੇ ‘ਤੇ ਕੇਸ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤਾ ਨੇ ਦੱਸਿਆ ਕਿ ਉਸ ਦਾ ਵਿਆਹ ਲੁਧਿਆਣਾ ਦੇ ਰਹਿਣ ਵਾਲੇ ਇਕ ਨੌਜਵਾਨ ਨਾਲ ਹੋਇਆ ਸੀ ਅਤੇ ਵਿਆਹ ਤੋਂ ਕੁਝ ਦਿਨ ਬਾਅਦ ਹੀ ਸਹੁਰਾ ਪਰਿਵਾਰ ਨੇ ਉਸ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਸਹੁਰਾ ਪਰਿਵਾਰ ਵਾਲੇ ਅਕਸਰ ਉਸ ਤੋਂ ਦਾਜ ਵਿਚ ਬੁਲੇਟ ਲਿਆਉਣ ਦੀ ਮੰਗ ਕਰਦੇ ਸਨ। ਇੰਨਾ ਹੀ ਨਹੀਂ ਵਿਆਹ ਤੋਂ 1 ਮਹੀਨੇ ਬਾਅਦ ਉਸ ਦਾ ਪਤੀ ਘਰੋਂ ਫਰਾਰ ਹੋ ਗਿਆ।
ਮਹਿਲਾ ਦੇ ਸਹੁਰਾ ਪਰਿਵਾਰ ਨੇ ਜਦੋਂ ਘਰੋਂ ਫਰਾਰ ਹੋਏ ਪਤੀ ਦੀ ਭਾਲ ਕੀਤੀ ਤਾਂ ਪਤਾ ਲੱਗਾ ਕਿ ਉਹ ਆਪਣੇ ਦੋਸਤ ਨਾਲ ਦਿੱਲੀ ਭੱਜ ਗਿਆ ਹੈ। ਇਸ ਦੌਰਾਨ ਮਹਿਲਾ ਗਰਭਵਤੀ ਹੋਈ ਅਤੇ ਇਕ ਬੱਚੀ ਨੂੰ ਜਨਮ ਦਿੱਤਾ।ਪੀੜਤ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਦੋਸ਼ੀ ਪਤੀ ਦੇ ਘਰਵਾਲਿਆਂ ਨੂੰ ਇਸ ਗੱਲ ਦੀ ਜਾਣਕਾਰੀ ਸੀ ਕਿ ਉਨ੍ਹਾਂ ਦਾ ਪੁੱਤਰ ਸਮਲਿੰਗੀ ਹੈ। ਲੋਕਾਂ ਨੇ ਪੀੜਤਾ ਦੇ ਘਰਵਾਲਿਆਂ ਨੂੰ ਵਿਆਹ ਤੋਂ ਪਹਿਲਾਂ ਇਸ ਬਾਰੇ ਨਹੀਂ ਦੱਸਿਆ। ਵਿਆਹ ਤੋਂ ਬਾਅਦ ਪੀੜਤਾ ਦੇ ਸਹੁਰੇ ਨੇ ਉਸ ਨੂੰ ਦੱਸਿਆ ਕਿ ਤੁਹਾਡਾ ਪਤੀ ਸਮਲਿੰਗੀ ਹੈ ਅਤੇ ਉਸ ਦਾ ਆਪਣੇ ਦੋਸਤ ਨਾਲ ਸਰੀਰਕ ਸਬੰਧ ਹਨ। ਸਾਨੂੰ ਘਰ ਵਿਚ ਇਕ ਨੌਕਰਾਨੀ ਦੀ ਲੋੜ ਸੀ ਇਸ ਲਈ ਅਸੀਂ ਸਭ ਕੁਝ ਜਾਣਦੇ ਹੋਏ ਵੀ ਆਪਣੇ ਸਮਲਿੰਗੀ ਪੁੱਤਰ ਦਾ ਵਿਆਹ ਤੇਰੇ ਨਾਲ ਕਰਵਾਇਆ।
ਪਤਨੀ ਦਾ ਦੋਸ਼ ਹੈ ਕਿ ਕਰਵਾ ਚੌਥ ਵਾਲੇ ਦਿਨ ਦੋਸ਼ੀ ਪਤੀ ਨੇ ਆਪਣੇ ਦੋਸਤ ਲਈ ਵਰਤ ਰੱਖਿਆ ਸੀ। ਜਿਸ ਦੀ ਜਾਣਕਾਰੀ ਉਸ ਨੇ ਖੁਦ ਹੀ ਆ ਕੇ ਆਪਣੀ ਪਤਨੀ ਨੂੰ ਦਿੱਤੀ। ਪਤਨੀ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਪਤੀ ਨੇ ਉਸ ਨਾਲ ਕੁੱਟਮਾਰ ਵੀ ਕੀਤੀ। ਪੁਲਸ ਨੇ ਦੋਸ਼ੀ ਪਤੀ ਸੱਸ ਅਤੇ ਸਹੁਰੇ ਵਿਰੁੱਧ ਕੇਸ ਦਰਜ ਕਰਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।