ਨਵੀਂ ਦਿੱਲੀ: ਆਸਟ੍ਰੇਲੀਆ ਜਲਦ ਹੀ ਚੀਨ ਦੀ ਮਲਕੀਅਤ ਵਾਲੀ ਵੀਡੀਓ ਐਪ TikTok ਨੂੰ ਸਰਕਾਰੀ ਉਪਕਰਨਾਂ ‘ਤੇ ਬੈਨ ਕਰ ਦੇਵੇਗਾ। TikTok ‘ਤੇ ਪਾਬੰਦੀ ਲੱਗਣ ਨਾਲ ਆਸਟ੍ਰੇਲੀਆ ਉਨ੍ਹਾਂ ਦੇਸ਼ਾਂ ਦੀ ਸੂਚੀ ‘ਚ ਸ਼ਾਮਿਲ ਹੋ ਜਾਵੇਗਾ ਜਿਨ੍ਹਾਂ ਨੇ ਆਪਣੇ ਦੇਸ਼ ‘ਚ ਚੀਨੀ ਵੀਡੀਓ ਐਪ TikTok ‘ਤੇ ਪਾਬੰਦੀ ਲਗਾਈ ਹੋਈ ਹੈ। ਰਿਪੋਰਟਾਂ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਇਸ ਹਫਤੇ ਸਰਕਾਰੀ ਫੋਨਾਂ ‘ਤੇ TikTok ‘ਤੇ ਪਾਬੰਦੀ ਦਾ ਐਲਾਨ ਕਰੇਗਾ।
ਦੱਸਣਯੋਗ ਹੈ ਕਿ ਭਾਰਤ, ਅਮਰੀਕਾ, ਬ੍ਰਿਟੇਨ, ਕੈਨੇਡਾ, ਨਿਊਜ਼ੀਲੈਂਡ ਅਤੇ ਹੋਰ ਦੇਸ਼ ਪਹਿਲਾਂ ਹੀ ਚੀਨੀ ਐਪ TikTok ‘ਤੇ ਪਾਬੰਦੀ ਲਗਾ ਚੁੱਕੇ ਹਨ। ਉਥੇ ਦੀ ਸਥਾਨਿਕ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਇਸ ਹਫ਼ਤੇ ਇਸ ਬਾਰੇ ਕੋਈ ਐਲਾਨ ਕਰ ਸਕਦੇ ਹਨ।
ਇਸ ਦੌਰਾਨ TikTok ਆਸਟ੍ਰੇਲੀਆ ਦੇ ਜਨਰਲ ਮੈਨੇਜਰ ਲੀ ਹੰਟਰ ਨੇ ਇਸ ਨੂੰ ਨਿਰਾਸ਼ਾਜਨਕ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਇਸ ਤਰ੍ਹਾਂ ਦਾ ਕੋਈ ਫੈਸਲਾ ਲੈਂਦੀ ਹੈ ਤਾਂ ਇਹ ਦੁੱਖ ਦੀ ਗੱਲ ਹੈ।
ਹੰਟਰ ਨੇ ਕਿਹਾ ਕਿ ਅਸੀਂ ਇਸ ਗੱਲ ‘ਤੇ ਜ਼ੋਰ ਦਿੰਦੇ ਹਾਂ ਕਿ TikTok ਕਿਸੇ ਵੀ ਤਰ੍ਹਾਂ ਸੁਰੱਖਿਆ ਨੂੰ ਖਤਰਾ ਨਹੀਂ ਬਣਾਉਂਦਾ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ TikTok ਕਿਸੇ ਵੀ ਤਰ੍ਹਾਂ ਆਸਟ੍ਰੇਲੀਅਨਾਂ ਲਈ ਇੱਕ ਸੁਰੱਖਿਆ ਖਤਰਾ ਹੈ।