ਅਯੁੱਧਿਆ : ਰਾਮ ਮੰਦਿਰ ਕੰਪਲੈਕਸ ਵਿਚ ਗੋਲ਼ੀ ਚੱਲਣ ਦੀ ਖਬਰ ਸਾਹਮਣੇ ਆਈ ਹੈ। ਪਲਟੂਨ ਕਮਾਂਡਰ ਦੇ ਛਾਤੀ ਦੇ ਖੱਬੇ ਪਾਸੇ ਗੋਲ਼ੀ ਵੱਜਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ।
ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਇੱਕ ਸੂਬਾਈ ਹਥਿਆਰਬੰਦ ਕਾਂਸਟੇਬਲਰੀ (ਪੀਏਸੀ) ਕਮਾਂਡੋ ਮੰਗਲਵਾਰ ਸ਼ਾਮ ਨੂੰ ਇੱਥੇ ਰਾਮ ਜਨਮ ਭੂਮੀ ਕੰਪਲੈਕਸ ਵਿੱਚ ਆਪਣੀ ਚੌਕੀ ‘ਤੇ ਹਥਿਆਰ ਸਾਫ਼ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਗੋਲੀ ਚੱਲ ਗਈ। ਗੋਲ਼ੀ ਲੱਗਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਪਲਟੂਨ ਕਮਾਂਡਰ ਰਾਮ ਪ੍ਰਸਾਦ (50) ਨੂੰ ਅਯੁੱਧਿਆ ਮੈਡੀਕਲ ਕਾਲਜ ਲਿਜਾਇਆ ਗਿਆ, ਜਿੱਥੋਂ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਕੇਜੀਐਮਯੂ ਲਖਨਊ ਰੈਫਰ ਕਰ ਦਿੱਤਾ ਗਿਆ। ਕਮਾਂਡੋ ਕਰੀਬ 6 ਮਹੀਨਿਆਂ ਤੋਂ ਅਯੁੱਧਿਆ ਦੇ ਰਾਮ ਜਨਮ ਭੂਮੀ ਕੰਪਲੈਕਸ ‘ਚ ਸੁਰੱਖਿਆ ਡਿਊਟੀ ਲਈ ਤਾਇਨਾਤ ਹਨ।
ਪੁਲਿਸ ਦੇ ਇੰਸਪੈਕਟਰ ਜਨਰਲ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਚੌਕੀ ਵਿਚ ਹਥਿਆਰਾਂ ਦੀ ਸਫਾਈ ਕਰਦਿਆਂ ਗੋਲ਼ੀ ਚੱਲਣ ਕਾਰਨ ਕਮਾਂਡੋ ਜ਼ਖ਼ਮੀ ਹੋ ਗਿਆ। ਅਯੁੱਧਿਆ ਦੇ ਮੈਡੀਕਲ ਕਾਲਜ ਦੇ ਐਮਰਜੈਂਸੀ ਇੰਚਾਰਜ ਡਾਕਟਰ ਵਿਨੋਦ ਕੁਮਾਰ ਆਰੀਆ ਨੇ ਦੱਸਿਆ ਕਿ ਗੋਲੀ ਰਾਮ ਪ੍ਰਸਾਦ ਦੀ ਛਾਤੀ ਦੇ ਖੱਬੇ ਪਾਸੇ ਲੱਗੀ। ਡਾਕਟਰ ਨੇ ਦੱਸਿਆ ਕਿ ਉਸਦੀ ਹਾਲਤ ਗੰਭੀਰ ਹੋਣ ਕਾਰਨ ਕਮਾਂਡੋ ਨੂੰ ਲਖਨਊ ਦੇ ਕੇਜੀਐਮਯੂ ਰੈਫਰ ਕਰਨਾ ਪਿਆ। ਪ੍ਰਸਾਦ ਅਮੇਠੀ ਜ਼ਿਲ੍ਹੇ ਦੇ ਪਿੰਡ ਅਚਲਪੁਰ ਦਾ ਰਹਿਣ ਵਾਲਾ ਹੈ।