ਨਵੀਂ ਦਿੱਲੀ : ਬਜਾਜ ਆਟੋ ਜਲਦ ਹੀ ਭਾਰਤੀ ਬਾਜ਼ਾਰ ‘ਚ ਆਪਣੀ ਪਹਿਲੀ CNG ਬਾਈਕ ਲਾਂਚ ਕਰਨ ਜਾ ਰਹੀ ਹੈ। ਕੰਪਨੀ ਵੱਲੋਂ ਇਸ ਬਾਈਕ ਨੂੰ ਲਾਂਚ ਕਰਨ ਦੀ ਤਾਰੀਕ ਬਾਰੇ ਜਾਣਕਾਰੀ ਦਿੱਤੀ ਗਈ ਹੈ। ਆਓ ਜਾਣਦੇ ਹਾਂ ਦੁਨੀਆ ਦੀ ਪਹਿਲੀ CNG ਬਾਈਕ ਕਦੋਂ ਲਾਂਚ ਹੋਵੇਗੀ
ਦੁਨੀਆ ਦੀ ਪਹਿਲੀ CNG ਬਾਈਕ ਬਜਾਜ ਆਟੋ ਜੁਲਾਈ ਮਹੀਨੇ ‘ਚ ਲਾਂਚ ਕਰੇਗੀ। ਕੰਪਨੀ ਨੇ ਅਧਿਕਾਰਤ ਤੌਰ ‘ਤੇ ਇਹ ਜਾਣਕਾਰੀ ਦਿੱਤੀ ਹੈ। ਕੰਪਨੀ ਵੱਲੋਂ ਬਾਈਕ ਨੂੰ ਲੈ ਕੇ ਇਨਵਾਈਟ ਭੇਜਿਆ ਗਿਆ ਹੈ, ਜਿਸ ‘ਚ ਇਸ ਦੀ ਲਾਂਚਿੰਗ ਦੀ ਤਰੀਕ ਦੱਸੀ ਗਈ ਹੈ। ਇਨਵਾਈਟ ਮੁਤਾਬਕ ਪਹਿਲੀ ਸੀਐਨਜੀ ਬਾਈਕ 5 ਜੁਲਾਈ ਨੂੰ ਲਾਂਚ ਕੀਤੀ ਜਾਵੇਗੀ। ਇਸ ਮੌਕੇ ‘ਤੇ ਬਜਾਜ ਦੇ ਨਾਲ ਐਮਡੀ ਰਾਜੀਵ ਬਜਾਜ, ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਵੀ ਮੌਜੂਦ ਰਹਿਣਗੇ।
ਇਹ ਹੋਣਗੇ ਫੀਚਰਜ਼
ਬਜਾਜ ਦੀ CNG ਬਾਈਕ ‘ਚ ਸਰਕੂਲਰ LED ਹੈੱਡਲਾਈਟ, ਛੋਟਾ ਸਾਈਡ ਵਿਊ ਮਿਰਰ, ਕਵਰਡ CNG ਟੈਂਕ, ਲੰਬੀ ਸਿੰਗਲ ਸੀਟ, ਹੈਂਡ ਗਾਰਡ, ਅਲੌਏ ਵ੍ਹੀਲਸ, ਫਰੰਟ ਡਿਸਕ ਬ੍ਰੇਕ ਅਤੇ ਡਿਜੀਟਲ ਸਪੀਡੋਮੀਟਰ ਵਰਗੇ ਫੀਚਰ ਦਿੱਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਬਾਈਕ ਦੇ ਇਕ ਤੋਂ ਵੱਧ ਵੇਰੀਐਂਟ ਵੀ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਜਾਣਕਾਰੀ ਮੁਤਾਬਕ ਕੰਪਨੀ ਆਪਣੀ ਐਂਟਰੀ ਲੈਵਲ ਬਾਈਕ ‘ਚ CNG ਤਕਨੀਕ ਨੂੰ ਪੇਸ਼ ਕਰ ਸਕਦੀ ਹੈ। ਜਿਸ ਕਾਰਨ ਇਸ ਦੀ ਮਾਈਲੇਜ 100 ਕਿਲੋਮੀਟਰ ਪ੍ਰਤੀ ਕਿਲੋਗ੍ਰਾਮ ਤੱਕ ਹੋ ਸਕਦੀ ਹੈ। ਪਰ ਸਹੀ ਜਾਣਕਾਰੀ ਲਾਂਚ ਦੇ ਸਮੇਂ ਹੀ ਉਪਲਬਧ ਹੋਵੇਗੀ।
ਪਹਿਲਾਂ ਦੱਸੀ ਗਈ ਸੀ ਇਹ ਤਾਰੀਕ
ਕੰਪਨੀ ਵੱਲੋਂ ਪਹਿਲਾਂ ਜਾਣਕਾਰੀ ਦਿੱਤੀ ਗਈ ਸੀ ਕਿ ਇਸ ਨੂੰ 18 ਜੂਨ 2024 ਨੂੰ ਲਾਂਚ ਕੀਤਾ ਜਾਵੇਗਾ। ਪਰ ਫਿਰ ਲਾਂਚ ਦੀ ਤਰੀਕ ਮੁੜ ਤਹਿ ਕਰ ਦਿੱਤੀ ਗਈ ਅਤੇ ਨਵੀਂ ਤਰੀਕ 17 ਜੁਲਾਈ ਦੱਸੀ ਗਈ। ਬਜਾਜ ਦੇ ਕਾਰਜਕਾਰੀ ਨਿਰਦੇਸ਼ਕ ਰਾਕੇਸ਼ ਸ਼ਰਮਾ ਦੀ ਤਰਫੋਂ ਦੱਸਿਆ ਗਿਆ ਕਿ ਕੰਪਨੀ ਆਪਣੀ ਪਹਿਲੀ ਸੀਐਨਜੀ ਬਾਈਕ ਨੂੰ ਵਧੇਰੇ ਕਿਫ਼ਾਇਤੀ ਅਤੇ ਬਿਹਤਰ ਤਰੀਕੇ ਨਾਲ ਡਿਜ਼ਾਈਨ ਕਰਨ ਵਿੱਚ ਸਮਾਂ ਲਗਾ ਰਹੀ ਹੈ।
ਜਾਂਚ ਦੌਰਾਨ ਸਪਾਟ
ਬਜਾਜ ਦੀ CNG ਬਾਈਕ ਨੂੰ ਲਾਂਚ ਤੋਂ ਪਹਿਲਾਂ ਟੈਸਟਿੰਗ ਦੌਰਾਨ ਕਈ ਵਾਰ ਦੇਖਿਆ ਜਾ ਚੁੱਕਾ ਹੈ। ਕੰਪਨੀ ਲਾਂਚ ਤੋਂ ਪਹਿਲਾਂ ਇਸ ਨੂੰ ਹਰ ਤਰ੍ਹਾਂ ਦੀਆਂ ਸਥਿਤੀਆਂ ‘ਚ ਟੈਸਟ ਕਰਨ ਦੀ ਯੋਜਨਾ ਬਣਾ ਰਹੀ ਹੈ। ਜੇਕਰ ਇਸ ਦੌਰਾਨ ਕੋਈ ਨੁਕਸ ਪਾਇਆ ਜਾਂਦਾ ਹੈ, ਤਾਂ ਉਸ ਨੂੰ ਠੀਕ ਕੀਤਾ ਜਾ ਸਕਦਾ ਹੈ।