ਨਵੀਂ ਦਿੱਲੀ (ਇੰਟ.)- ਸਤੰਬਰ ਵਿਚ ਆਈ.ਪੀ.ਐੱਲ. ਦਾ ਸੈਕਿੰਡ ਫੇਜ਼ ਕਰਵਾਉਣ ਨੂੰ ਲੈ ਕੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਦਰਅਸਲ, ਇਸ ਦੌਰਾਨ ਜ਼ਿਆਦਾਤਰ ਟੀਮਾਂ ਦਾ ਇੰਟਰਨੈਸ਼ਨਲ ਕਮਿਟਮੈਂਟ ਹੈ। ਇੰਗਲੈਂਡ ਦੇ ਕ੍ਰਿਕਟ ਡਾਇਰੈਕਟਰ ਐਸ਼ਲੇ ਜਾਇਲਸ ਨੇ ਪਹਿਲਾਂ ਹੀ ਖਿਡਾਰੀਆਂ ਨੂੰ ਆਈ.ਪੀ.ਐੱਲ. ਦੇ ਬਾਕੀ ਬਚੇ ਮੈਚ ਲਈ ਨਾਂਹ ਕਰ ਦਿੱਤੀ ਹੈ।
ਹੁਣ ਨਿਊਜ਼ੀਲੈਂਡ ਸਣੇ 5 ਹੋਰ ਦੇਸ਼ਾਂ ਦੇ ਤਕਰੀਬਨ 53 ਕ੍ਰਿਕਟਰਸ ਵੀ ਟੂਰਨਾਮੈਂਟ ਦੇ ਬਾਕੀ ਬਚੇ 31 ਮੈਚ ਖੇਡਣ ਨਹੀਂ ਆ ਸਕਦੇ ਹਨ। ਇਸ ਵਿਚ ਇੰਗਲੈਂਡ ਅਤੇ ਕੀਵੀ ਟੀਮ ਤੋਂ ਇਲਾਵਾ ਸਾਊਥ ਅਫਰੀਕਾ, ਆਸਟ੍ਰੇਲੀਆ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਸ਼ਾਮਲ ਹਨ। ਸਿਰਫ ਵੈਸਟਇੰਡੀਜ਼ ਦੇ ਖਿਡਾਰੀ ਕੋਈ ਟੂਰ ਨਾ ਹੋਣ ਕਾਰਣ ਆਈ.ਪੀ.ਐੱਲ. ਖੇਡਣ ਆ ਸਕਦੇ ਹਨ। ਦਰਅਸਲ ਬੀ.ਸੀ.ਸੀ.ਆਈ. ਨੇ ਆਈ.ਪੀ.ਐੱਲ. 2021 ਸੀਜ਼ਨ ਨੂੰ ਕੋਰੋਨਾ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਸਪੈਂਡ ਕਰ ਦਿੱਤਾ ਸੀ। ਟੂਰਨਾਮੈਂਟ ਵਿਚ 11 ਖਿਡਾਰੀ 3 ਕੋਚ ਕੋਰੋਨਾ ਪਾਜ਼ੇਟਿਵ ਨਿਕਲੇ ਸਨ। ਇਸ ਵਿਚ 5 ਖਿਡਾਰੀ ਅਤੇ 1 ਕੋਚ ਟੂਰਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਅਤੇ 6 ਖਿਡਾਰੀ ਅਤੇ 2 ਕੋਚ ਟੂਰਨਾਮੈਂਟ ਦੌਰਾਨ ਇਨਫੈਕਟਿਡ ਮਿਲੇ।
ਇਸ ਦੌਰਾਨ 60 ਵਿਚੋਂ ਸਿਰਫ 29 ਮੈਚ ਹੀ ਹੋ ਸਕੇ। ਅਜਿਹੇ ਵਿਚ ਬੀ.ਸੀ.ਸੀ.ਆਈ. ਬਾਕੀ ਬਚੇ 31 ਮੈਚਾਂ ਨੂੰ ਸਤੰਬਰ ਦੇ ਅਖੀਰ ਵਿਚ ਮਿਲ ਰਹੇ ਵਿੰਡੋ ਵਿਚ ਪੂਰੇ ਕਰਵਾਉਣਾ ਚਾਹ ਰਿਹਾ ਹੈ। ਇਸ ਲਈ ਬੀ.ਸੀ.ਸੀ.ਆਈ. 20 ਦਿਨ ਦੀ ਵਿੰਡੋ ਭਾਲ ਰਹੀ ਹੈ। ਇੰਗਲੈਂਡ, ਯੂ.ਏ.ਈ., ਆਸਟ੍ਰੇਲੀਆ ਅਤੇ ਸ਼੍ਰੀਲੰਕਾ ਸਣੇ 4 ਦੇਸ਼ਾਂ ਨੇ ਇਸ ਟੂਰਨਾਮੈਂਟ ਨੂੰ ਹੋਸਟ ਕਰਨ ਦੀ ਵੀ ਇੱਛਾ ਜ਼ਾਹਿਰ ਕੀਤੀ ਹੈ।ਇਸ ਸਾਲ ਆਈ.ਪੀ.ਐੱਲ. ਦੇ ਬਾਕੀ ਬਚੇ 31 ਮੈਚ ਕਰਵਾਉਣ ਲਈ ਨਵੰਬਰ-ਦਸੰਬਰ ਵਿਚ ਵੀ ਵਿੰਡੋ ਮਿਲ ਸਕਦੀ ਹੈ ਪਰ ਅਜਿਹਾ ਮੁਮਕਿਨ ਨਹੀਂ ਹੋਵੇਗਾ।
ਇਸ ਦੌਰਾਨ ਇੰਗਲੈਂਡ ਨੂੰ ਆਸਟ੍ਰੇਲੀਆ ਵਿਚ ਐਸ਼ੇਜ਼ ਸੀਰੀਜ਼ ਖੇਡਣੀ ਹੈ। ਨਾਲ ਹੀ ਅਗਲੇ ਆਈ.ਪੀ.ਐੱਲ. ਸੀਜ਼ਨ ਲਈ ਮੇਗਾ ਆਕਸ਼ਨ ਵੀ ਕਰਵਾਉਣਾ ਹੋਵੇਗਾ। ਅਜਿਹੇ ਵਿਚ ਨਵੰਬਰ-ਦਸੰਬਰ ਵਿਚ ਟੂਰਨਾਮੈਂਟ ਕਰਵਾਉਣਾ ਸੰਭਵ ਨਹੀਂ ਹੋਵੇਗਾ। ਬੀ.ਸੀ.ਸੀ.ਆਈ. ਪ੍ਰਧਾਨ ਸੌਰਵ ਗਾਂਗੁਲੀ ਨੇ ਵੀ ਟੈਲੀਗ੍ਰਾਫ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਸੀ ਕਿ ਉਹ ਫਿਲਹਾਲ ਟੂਰਨਾਮੈਂਟ ਨੂੰ ਲੈ ਕੇ ਕਾਹਲੀ ਨਹੀਂ ਕਰ ਰਹੇ। ਹੌਲੀ-ਹੌਲੀ ਇਸ ‘ਤੇ ਫੈਸਲਾ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਆਈ.ਪੀ.ਐੱਲ. ਇਸ ਸਾਲ ਨਹੀਂ ਕਰਵਾਇਆ ਜਾ ਸਕਿਆ ਤਾਂ ਬੀ.ਸੀ.ਸੀ.ਆਈ. ਨੂੰ 2500 ਕਰੋੜ ਰੁਪਏ ਤੱਕ ਦਾ ਨੁਕਸਾਨ ਹੋਵੇਗਾ।