ਮੁਹਾਲੀ : ਕੈਬਨਿਟ ਮੰਤਰੀ ਤੇ ਗਾਇਕਾ ਅਨਮੋਲ ਗਗਨ ਮਾਨ ਐਡਵੋਕੇਟ ਸ਼ਾਹਬਾਜ਼ ਸਿੰਘ ਨਾਲ ਵਿਆਹ ਦੇ ਬੰਧਨ ਵਿਚ ਬੱਝ ਚੁੱਕੇ ਹਨ। ਜ਼ੀਰਕਪੁਰ ਦੇ ਗੁਰਦੁਆਰਾ ਨਾਭਾ ਸਾਹਿਬ ਵਿਚ ਉਨ੍ਹਾਂ ਦਾ ਆਨੰਦ ਕਾਰਜ ਸੰਪੰਨ ਹੋਇਆ। ਇਸ ਮੌਕੇ ਦੋਵਾਂ ਪਰਿਵਾਰਾਂ ਦੇ ਮੈਂਬਰ ਹਾਜ਼ਰ ਸਨ।
ਲਾਵਾਂ ਮਗਰੋਂ ਨਵਾਂ ਵਿਆਹਿਆ ਜੋੜਾ ਮੈਰਿਜ ਪੈਲੇਸ ਚਲਿਆ ਗਿਆ, ਜਿੱਥੇ ਰਿਸੈਪਸ਼ਨ ਪਾਰਟੀ ਰੱਖੀ ਗਈ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਸਿਆਸਤ ਦੇ ਖੇਤਰ ਦੀਆਂ ਕਈ ਮਸ਼ਹੂਰ ਹਸਤੀਆਂ ਦੇ ਇਸ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਇਸ ਤੋਂ ਬਾਅਦ ਸ਼ਾਮ ਪੰਜ ਵਜੇ ਡੋਲੀ ਰਵਾਨਾ ਹੋਵੇਗੀ।
ਲਾਵਾਂ ਵੇਲੇ ਦੀਆਂ ਖੂਬਸੂਰਤ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿਚ ਗੁਲਾਬੀ ਰੰਗ ਦੇ ਪਹਿਰਾਵੇ ਵਿਚ ਜੋੜੀ ਬੇਹੱਦ ਖੂਬਸੂਰਤ ਲਗ ਰਹੀ ਹੈ। ਬੀਤੇ ਦਿਨੀਂ ਅਨਮੋਲ ਗਗਨ ਮਾਨ ਦੇ ਘਰ ਮਹਿੰਦੀ ਦੀ ਰਸਮ ਅਦਾ ਕੀਤੀ ਗਈ ਸੀ ਅਤੇ ਜਾਗੋ ਦਾ ਪ੍ਰੋਗਰਾਮ ਵੀ ਹੋਇਆ ਸੀ।
ਦੱਸਦੇਈਏ ਕਿ ਅਨਮੋਲ ਗਗਨ ਮਾਨ ਦਾ ਪਰਿਵਾਰ ਮਾਨਸਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਹਾਲਾਂਕਿ ਉਨ੍ਹਾਂ ਦਾ ਜ਼ਿਆਦਾਤਰ ਸਮਾਂ ਚੰਡੀਗੜ੍ਹ ਅਤੇ ਮੋਹਾਲੀ ‘ਚ ਹੀ ਬੀਤਿਆ ਹੈ। ਚੰਡੀਗੜ੍ਹ ਵਿਚ ਪੜ੍ਹਾਈ ਮਗਰੋਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਆਈ। ਸਾਲ 2022 ਵਿੱਚ ਪਹਿਲੀ ਵਾਰ ਖਰੜ ਤੋਂ ਵਿਧਾਨ ਸਭਾ ਚੋਣ ਜਿੱਤ ਕਿ ਸਿਆਸਤ ਵਿਚ ਕਦਮ ਰੱਖਿਆ ਸੀ।