Moosewala murder case : ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਲਈ ਪਾਕਿਸਤਾਨੀ ਸਪਲਾਇਰ ਨੇ ਹਥਿਆਰ ਸਪਲਾਈ ਕੀਤੇ ਸਨ। ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਜਾਂਚ ‘ਚ ਇਹ ਖੁਲਾਸਾ ਹੋਇਆ ਹੈ।
ਦੁਬਈ ‘ਚ ਰਹਿਣ ਵਾਲੇ ਪਾਕਿਸਤਾਨੀ ਹਥਿਆਰ ਸਪਲਾਇਰ ਹਾਮਿਦ ਨੇ ਇਹ ਹਥਿਆਰ ਪਾਕਿਸਤਾਨ ਤੋਂ ਡਿਲੀਵਰ ਕੀਤੇ ਸਨ। ਮੂਸੇਵਾਲਾ ਦੇ ਕਤਲ ਵਿੱਚ ਆਸਟਰੀਆ ਦਾ ਗਲਾਕ-30, ਜਿਗਾਨਾ ਪਿਸਤੌਲ, ਜਰਮਨ ਦਾ ਬਣਿਆ ਹੈਕਲਰ ਐਂਡ ਕੋਚ, ਸਟਾਰ ਅਤੇ ਏਕੇ 47 ਦੀ ਵਰਤੋਂ ਕੀਤੀ ਗਈ ਸੀ।
NIA ਨੇ 8 ਦਸੰਬਰ 2022 ਨੂੰ ਬੁਲੰਦਸ਼ਹਿਰ ਤੋਂ ਹਵਾਲਾ ਕਾਰੋਬਾਰੀ ਸ਼ਾਹਬਾਜ਼ ਅੰਸਾਰੀ ਨੂੰ ਗ੍ਰਿਫਤਾਰ ਕੀਤਾ ਸੀ। ਸ਼ਾਹਬਾਜ਼ ਅੰਸਾਰੀ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਹ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦਾ ਕਰੀਬੀ ਹੈ। ਸ਼ਾਹਬਾਜ਼ ਅੰਸਾਰੀ ਕਈ ਵਾਰ ਦੁਬਈ ਅਤੇ ਕੈਨੇਡਾ ਗਿਆ ਸੀ। ਜਿੱਥੇ ਉਹ ਗੋਲਡੀ ਬਰਾੜ ਦੇ ਸੰਪਰਕ ਵਿੱਚ ਆਇਆ।
ਇਨ੍ਹਾਂ ਦੌਰਿਆਂ ਦੌਰਾਨ ਉਹ ਦੁਬਈ ਵਿੱਚ ਹਵਾਲਾ ਕਾਰੋਬਾਰ ਚਲਾਉਣ ਵਾਲੇ ਪਾਕਿਸਤਾਨੀ ਨਾਗਰਿਕ ਫੈਜ਼ੀ ਖਾਨ ਦੇ ਸੰਪਰਕ ਵਿੱਚ ਆਇਆ। ਇਹ ਫੈਜ਼ੀ ਖਾਨ ਹੀ ਸੀ ਜਿਸ ਨੇ ਸ਼ਾਹਬਾਜ਼ ਅੰਸਾਰੀ ਦੀ ਜਾਣ-ਪਛਾਣ ਦੁਬਈ ਵਿਚ ਬੈਠੇ ਪਾਕਿਸਤਾਨੀ ਨਾਗਰਿਕ ਅਤੇ ਹਥਿਆਰਾਂ ਦੇ ਸਪਲਾਇਰ ਹਾਮਿਦ ਨਾਲ ਕਰਵਾਈ ਸੀ। ਸ਼ਾਹਬਾਜ਼ ਅੰਸਾਰੀ ਦੇ ਪਿਤਾ, ਕੁਰਬਾਨ ਅੰਸਾਰੀ, ਲਾਰੈਂਸ ਬਿਸ਼ਨੋਈ ਗੈਂਗ ਦਾ ਸਭ ਤੋਂ ਵੱਡਾ ਹਥਿਆਰ ਸਪਲਾਇਰ ਸੀ।
ਮੀਟਿੰਗ ਵਿੱਚ ਮੂਸੇਵਾਲਾ ਨੂੰ ਮਾਰਨ ਲਈ ਹਥਿਆਰ ਮੰਗੇ
ਜਾਂਚ ਮੁਤਾਬਕ ਹਾਮਿਦ ਅਤੇ ਸ਼ਾਹਬਾਜ਼ ਅੰਸਾਰੀ ਵਿਚਾਲੇ ਮੁਲਾਕਾਤ ਹੋਈ ਸੀ। ਜਿਸ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਲਈ ਹਥਿਆਰ ਸਪਲਾਈ ਕਰਨ ਦੀ ਗੱਲ ਸਾਹਮਣੇ ਆਈ ਸੀ। ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨੇ ਮੂਸੇਵਾਲਾ ਦੇ ਕਤਲ ਲਈ ਅਸਾਲਟ ਰਾਈਫਲਾਂ ਅਤੇ ਹੋਰ ਆਧੁਨਿਕ ਹਾਈਟੈਕ ਹਥਿਆਰਾਂ ਦੀ ਮੰਗ ਕੀਤੀ ਸੀ। ਫਿਰ ਹਾਮਿਦ ਨੇ ਅੰਸਾਰੀ ਨੂੰ ਦੱਸਿਆ ਕਿ ਉਹ ਗੋਲਡੀ ਬਰਾੜ ਦੇ ਸੰਪਰਕ ਵਿਚ ਵੀ ਸੀ ਅਤੇ ਉਸ ਨੂੰ ਕਈ ਵਾਰ ਹਥਿਆਰ ਮੁਹੱਈਆ ਕਰਵਾਏ ਸਨ। ਐਨਆਈਏ ਮੁਤਾਬਕ ਹਾਮਿਦ ਨੇ ਅੰਸਾਰੀ ਨੂੰ ਆਪਣਾ ਫ਼ੋਨ ਦਿਖਾਇਆ, ਜਿਸ ਵਿੱਚ ਗੋਲਡੀ ਬਰਾੜ ਨੂੰ ਹਥਿਆਰਾਂ ਦੀ ਸਪਲਾਈ ਨਾਲ ਸਬੰਧਤ ਆਡੀਓ ਰਿਕਾਰਡਿੰਗ ਸੀ।
NIA ਹਾਮਿਦ ਦੇ ਨੈੱਟਵਰਕ ਦੀ ਜਾਂਚ
ਐਨਆਈਏ ਅੰਸਾਰੀ ਦੇ ਨਾਲ ਹਾਮਿਦ ਅਤੇ ਫੈਜ਼ੀ ਖਾਨ ਦੇ ਹਥਿਆਰਾਂ ਦੀ ਵੰਡ ਦੇ ਨੈਟਵਰਕ ਬਾਰੇ ਹੋਰ ਵੇਰਵੇ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹਾਲਾਂਕਿ, ਐਨਆਈਏ ਮੂਸੇਵਾਲਾ ਦੇ ਕਤਲ ਦੀ ਸਿੱਧੇ ਤੌਰ ‘ਤੇ ਜਾਂਚ ਨਹੀਂ ਕਰ ਰਹੀ ਹੈ, ਪਰ ਉੱਤਰੀ ਭਾਰਤ ਵਿੱਚ ਗੈਂਗਸਟਰਾਂ ਅਤੇ ਖਾਲਿਸਤਾਨੀ ਸਮਰਥਕਾਂ ਵਿਚਾਲੇ ਗਠਜੋੜ ਨੂੰ ਲੈ ਕੇ ਦਰਜ ਹੋਈਆਂ ਦੋ ਐਫਆਈਆਰਜ਼ ਦੇ ਆਧਾਰ ‘ਤੇ ਪੂਰੇ ਮਾਮਲੇ ਨੂੰ ਸਾਹਮਣੇ ਲਿਆਂਦਾ ਜਾ ਰਿਹਾ ਹੈ।