ਜਲੰਧਰ- ਸ਼ਹਿਰ ਦੇ ਪਾਸ਼ ਇਲਾਕੇ ਅਰਬਨ ਸਟੇਟ ਫੇਜ਼-2 ‘ਚ ਹਿੱਟ ਐਂਡ ਰਨ ਦੇ ਮਾਮਲੇ ‘ਚ ਟਾਈਲ ਕਾਰੀਗਰ ਦੀ ਮੌਤ ਹੋ ਗਈ। ਇਹ ਕਾਰੀਗਰ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਬਾਈਕ ‘ਤੇ ਘਰ ਵਾਪਸੀ ਕਰ ਰਿਹਾ ਸੀ ਕਿ ਰਸਤੇ ‘ਚ ਇਕ ਤੇਜ਼ ਰਫਤਾਰ ਕਾਰ ਨੇ ਉਸਦੀ ਬਾਈਕ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਉਹ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਹਸਪਤਾਲ ‘ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।ਕਾਰੀਗਰ ਦੇ 2 ਛੋਟੇ ਬੱਚੇ ਹਨ ਅਤੇ ਉਸ ਦੀ ਪਛਾਣ ਪ੍ਰਕਾਸ਼ (35 ਸਾਲ) ਨਿਵਾਸੀ ਗੋਲਡਨ ਐਵੇਨਿਊ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਪ੍ਰਕਾਸ਼ ਟਾਈਲ ਕਾਰੀਗਰ ਸੀ, ਜੋ ਕਿ ਐਤਵਾਰ ਨੂੰ ਆਪਣੇ ਘਰ ਤੋਂ ਰਿਸ਼ਤੇਦਾਰਾਂ ਦੇ ਘਰ ਜਾਣ ਲਈ ਨਿਕਲਿਆ ਸੀ। ਦੇਰ ਰਾਤ ਉਹ ਬਾਈਕ ‘ਤੇ ਵਾਪਸ ਆਪਣੇ ਘਰ ਪਰਤ ਰਿਹਾ ਸੀ ਕਿ ਰਸਤੇ ‘ਚ ਇਕ ਤੇਜ਼ ਰਫਤਾਰ ਗੱਡੀ ਨੇ ਉਸ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ। ਟੱਕਰ ਮਾਰਨ ਤੋਂ ਬਾਅਦ ਗੱਡੀ ਚਾਲਕ ਮੌਕੇ ਤੋਂ ਭੱਜ ਗਿਆ ਪਰ ਲੋਕਾਂ ਨੇ ਜ਼ਖਮੀ ਪ੍ਰਕਾਸ਼ ਨੂੰ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਜਾਣਕਾਰੀ ਮਿਲਦੇ ਹੀ ਥਾਣਾ 7 ਦੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਪ੍ਰਕਾਸ਼ ਦੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ। ਪ੍ਰਕਾਸ਼ ਦੀ ਮੌਤ ਦੀ ਖ਼ਬਰ ਸੁਣ ਕੇ ਉਸ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਥਾਣਾ 7 ਦੀ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ‘ਚ ਰਖਵਾ ਦਿੱਤਾ ਹੈ। ਪੁਲਸ ਨੇ ਘਟਨਾ ਵਾਲੀ ਥਾਂ ਤੋਂ ਗੱਡੀ ਦੀ ਨੰਬਰ ਪਲੇਟ ਬਰਾਮਦ ਕਰ ਲਈ ਹੈ, ਜਿਸ ਤੋਂ ਬਾਅਦ ਪੁਲਸ ਜਾਂਚ ‘ਚ ਜੁਟ ਗਈ ਹੈ ਅਤੇ ਗੱਡੀ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।