ਚੰਡੀਗੜ੍ਹ- ਕੋਰੋਨਾ ਇਨਫੈਕਸ਼ਨ ਨੂੰ ਰੋਕਣ ਲਈ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਵੀਕੈਂਡ ਕਰਫਿਊ ਲਾਗੂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਪੁਲਸ ਦੀ ਖਾਸੀ ਸਖ਼ਤੀ ਦੇਖਣ ਨੂੰ ਮਿਲੀ। ਬਿਨਾਂ ਵਜ੍ਹਾ ਦੇ ਬਾਹਰ ਘੁੰਮਣ ਵਾਲਿਆਂ ‘ਤੇ ਪੁਲਸ ਨੇ ਕਾਰਵਾਈ ਕੀਤੀ। ਪੂਰੇ ਸ਼ਹਿਰ ਵਿਚ 210 ਲੋਕਾਂ ਨੂੰ ਰਾਊਂਡ ਅੱਪ ਕੀਤਾ ਗਿਆ, 3 ਥਾਣਿਆਂ ਵਿਚ ਧਾਰਾ 188 ਤਹਿਤ ਐੱਫ.ਆਈ.ਆਰ. ਦਰਜ ਕਰ ਕੇ 7 ਲੋਕਾਂ ਨੂੰ ਗ੍ਰਿਫਤਾਰ ਕੀਤਾ। ਉਥੇ ਹੀ ਐਤਵਾਰ ਨੂੰ ਦੂਜੇ ਦਿਨ ਵੀ ਪੁਲਸ ਕੋਰੋਨਾ ਸੇਫਟੀ ਪ੍ਰੋਟੋਕਾਲ ਤੋੜਣ ਵਾਲਿਆਂ ਨੂੰ ਸਬਕ ਸਿਖਾਉਣ ਵਿਚ ਲੱਗੀ ਹੋਈ ਹੈ।
ਚੰਡੀਗੜ੍ਹ ਪੁਲਸ ਨੇ ਇਨਫੈਕਸ਼ਨ ਨੂੰ ਵਧਾਵਾ ਦੇਣ ਦੀ ਲਾਪਰਵਾਹ ਗਤੀਵਿਧੀ ਕਰਨ ਵਾਲਿਆਂ ਵਿਚ 132 ਲੋਕਾਂ ਦੇ ਚਲਾਨ ਕੀਤੇ। ਇਸ ਵਿਚ ਸਰੀਰਕ ਦੂਰੀ ਨਹੀਂ ਰੱਖਣ ਵਾਲੇ 84, ਜਨਤਕ ਥਾਂ ‘ਤੇ ਥੁੱਕਣ ਵਾਲੇ 32 ਲੋਕ ਅਤੇ ਬਿਨਾਂ ਮਾਸਕ ਦੇ ਬਾਹਰ ਘੁੰਮਣ ਵਾਲੇ 15 ਲੋਕ ਸ਼ਾਮਲ ਹਨ। ਪੁਲਸ ਵਿਭਾਗ ਵਲੋਂ ਕੁਲ ਚਲਾਨ ਰਾਸ਼ੀ 68,500 ਰੁਪਏ ਵਸੂਲ ਕੀਤੇ ਗਏ ਹਨ।
ਪੁਲਸ ਨੇ ਵਾਹਨ ਚਾਲਕਾਂ ਦੇ ਚਲਾਨ ਅਤੇ ਵਾਹਨਾਂ ਨੂੰ ਜ਼ਬਤ ਵੀ ਕੀਤਾ ਹੈ। ਸ਼ਨੀਵਾਰ ਨੂੰ ਪੁਲਸ ਨੇ ਵੱਖ-ਵੱਖ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 36 ਲੋਕਾਂ ਦੇ ਚਲਾਨ ਕੱਟੇ, ਜਦੋਂ ਕਿ ਦੋ ਗੱਡੀਆਂ ਵੀ ਜ਼ਬਤ ਕੀਤੀਆਂ ਹਨ। ਐਤਵਾਰ ਨੂੰ ਵੀ ਪੁਲਸ ਕੋਰੋਨਾ ਸੇਫਟੀ ਪ੍ਰੋਟੋਕਾਲ ਤੋੜਣ ਵਾਲਿਆਂ ਨੂੰ ਸਬਕ ਸਿਖਾਉਣ ਵਿਚ ਲੱਗੀ ਹੈ। ਸ਼ਹਿਰ ਵਿਚ ਵੱਖ-ਵੱਖ ਨਾਕਿਆਂ ‘ਤੇ ਪੁਲਸ ਬਿਨਾਂ ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਨ ਨਾ ਕਰਨ ਵਾਲਿਆਂ ਨੂੰ ਕਾਨੂੰਨ ਦਾ ਪਾਠ ਪੜ੍ਹ ਰਹੀ ਹੈ। ਕਈ ਥਾਈਂ ਅਜਿਹੇ ਲੋਕਾਂ ਨੂੰ ਚਿਤਾਵਨੀ ਦਿੱਤੀ ਜਾ ਰਹੀ ਹੈ ਤਾਂ ਕਈ ਥਾਂ ਨਹੀਂ ਮੰਨਣ ਵਾਲਿਆਂ ਦੇ ਚਲਾਨ ਵੀ ਕੀਤੇ ਜਾ ਰਹੇ ਹਨ।